ਪੰਜਾਬ ’ਚ ਹੜ੍ਹਾਂ ਕਾਰਨ ਵਾਹੀਯੋਗ ਜ਼ਮੀਨਾਂ ’ਚ ਜੰਮੀ ਰੇਤ ਚੁੱਕਣ ਲਈ ਸੂਬਾ ਸਰਕਾਰ ਦੀ ‘ਜਿਸਦਾ ਖੇਤ-ਉਸ ਦੀ ਰੇਤ ਨੀਤੀ’ ਦੇ ਨਿਯਮਾਂ ਦੀਆਂ ਰੇਤ ਮਾਫੀਆ ਧੱਜੀਆਂ ਦਾ ਉਡਾ ਰਿਹਾ ਹੈ। ਹਾਲਾਂਕਿ ਇਸ ਨੀਤੀ ਦਾ ਮਕਸਦ ਪੀੜਤ ਕਿਸਾਨਾਂ ਰੇਤ ਵੇਚ ਕੇ ਪੈਰਾਂ-ਸਿਰ ਕਰਨਾ ਅਤੇ ਜ਼ਮੀਨ ਮੁੜ ਫ਼ਸਲ ਲਈ ਉਪਜਾਊ ਬਣਾਉਣਾ ਹੈ ਪਰ ਇਸ ਨੀਤੀ ਦੀ ਆੜ ਵਿਚ ਰੇਤ ਮਾਫ਼ੀਆ ਨਾਜਾਇਜ਼ ਮਾਈਨਿੰਗ ਕਰ ਰਿਹਾ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਿਹਾ ਹੈ।
ਇਥੇ ਥਾਣਾ ਧਰਮਕੋਟ ਪੁਲੀਸ ਨੇ ਸਥਾਨਕ ਜਲ ਨਿਕਾਸ ਕਮ ਮਾਈਨਿੰਗ ਉਪ ਮੰਡਲ ਦੇ ਜੂਨੀਅਰ ਇੰਜਨੀਅਰ ਕਮ ਮਾਈਨਿੰਗ ਇੰਸਪੈਕਟਰ ਅਨੂਭਵ ਸਿਸੋਦੀਆ ਦੀ ਸ਼ਿਕਾਇਤ ’ਤੇ ਬੂਟਾ ਸਿੰਘ ਪਿੰਡ ਮੰਝਲੀ, ਲਵਪ੍ਰੀਤ ਸਿੰਘ ਪਿੰਡ ਜਾਫ਼ਰਵਾਲਾ, ਪਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਪਿੰਡ ਚੁੱਕ ਬਾਹਮਣੀਆਂ ਖੁਰਦ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਤੇ ਦੋਸ਼ ਹਨ ਕਿ ਉਹ ‘ਜਿਸ ਦਾ ਖੇਤ-ਉਸ ਦੀ ਰੇਤ ਪਾਲਸੀ’ ਦੀ ਉਲੰਘਣਾ ਕਰਕੇ ਲੰਘੀ ਰਾਤ ਮਨਜ਼ੂਰਸ਼ੁਦਾ ਖੱਡ ਪਿੰਡ ਬਾਸੀਆ ਅਤੇ ਪਿੰਡ ਕਮਾਲਕੇ ਦੇ ਖੇਤਾਂ ਵਿਚੋਂ ਰੇਤਾ ਦੀ ਮਾਈਨਿੰਗ ਕਰ ਰਹੇ ਸਨ। ਮਾਈਨਿੰਗ ਇੰਸਪੈਕਟਰ ਅਨੂਭਵ ਸ਼ਿਸੋਦੀਆ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀਆਂ ਤਸਵੀਰਾਂ ਹਾਸਲ ਕਰਕੇ ਪੁਲੀਸ ਨੂੰ ਸ਼ਿਕਾਇਤ ਨਾਲ ਦਿੱਤੀਆਂ ਗਈਆਂ ਹਨ। ਥਾਣਾ ਧਰਮਕੋਟ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਧਰਮਕੋਟ ਸਬ ਡਿਵੀਜ਼ਨ ਅਧੀਨ ਇਸ ਪਾਲਸੀ ਤਹਿਤ 29 ਪਿੰਡਾਂ ਨੂੰ ਨੋਟੀਫਾਈ ਕੀਤੇ ਗਏ ਹਨ। ਵਾਹੀਯੋਗ ਜ਼ਮੀਨਾਂ ਵਿੱਚ ਇਕੱਠੀ ਹੋਈ ਰੇਤ ਨੂੰ ਆਨਲਾਈਨ ਮੀਜਰ ਵਜੋਂ ਹਟਾਇਆ ਜਾਵੇਗਾ ਅਤੇ ਇਸ ਨੂੰ ਮਾਈਨਿੰਗ ਆਫ ਮਿਨਰਲਜ ਨਹੀਂ ਮੰਨਿਆ ਜਾਵੇਗਾ। ਇਸ ਦੀ ਮਨਜ਼ੂਰੀ 31 ਦਸੰਬਰ, 2025 ਤੱਕ ਹੋਵੇਗੀ ਅਤੇ ਮਿੱਥੇ ਸਮੇਂ ਤੋਂ ਬਾਅਦ ਇਸ ’ਤੇ ਪੂਰਨ ਤੌਰ ’ਤੇ ਰੋਕ ਹੋਵੇਗੀ। ਸਬੰਧਤ ਐੱਸ ਡੀ ਐੱਮ ਅਤੇ ਕਾਰਜਕਾਰੀ ਇੰਜਨੀਅਰ ਜਲ ਸਰੋਤ ਵਿਭਾਗ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਯਕੀਨੀ ਬਣਾਉਣਗੇ ਕਿ ਉਪਰੋਕਤ ਨੋਟੀਫਿਕੇਸ਼ਨ ਦੇ ਦਾਇਰੇ ਵਿੱਚ ਮਾਈਨਰ ਮਿਨਰਲਜ ਦੀ ਕੋਈ ਗੈਰ ਕਾਨੂੰਨੀ ਮਾਈਨਿੰਗ ਨਾ ਹੋਵੇ।

