ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਉਤਾਰੇ ਗਏ ਸੌ ਤੋਂ ਉਪਰ ਚਿੱਪ ਵਾਲੇ ਮੀਟਰਾਂ ਨੂੰ ਬਿਜਲੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਇਆ। ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀ ਕੇ ਯੂ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਮੇਲ ਸਿੰਘ ਲੋਹਗੜ੍ਹ, ਬਾਜ ਸਿੰਘ ਸੰਗਲਾ, ਜੰਗੀਰ ਸਿੰਘ ਫੌਜੀ , ਜ਼ਿਲ੍ਹਾ ਜਨਰਲ ਸਕੱਤਰ ਬਲਵੀਰ ਸਿੰਘ ਮਾਨ ਆਦਿ ਨੇ ਮੋਰਚੇ ਦੇ ਫ਼ੈਸਲੇ ਮੁਤਾਬਕ ਅੱਜ ਪਿੰਡ ਅਮੀਵਾਲਾ, ਸੰਗਲਾ, ਚੱਕ ਕਿਸਾਨਾਂ, ਚੱਕ ਕੰਨੀਆਂ ਕਲਾ, ਕੰਨੀਆਂ, ਕਿਸ਼ਨਪੁਰਾ, ਗੱਟੀ ਜੱਟਾਂ, ਇੰਦਰਗੜ੍ਹ, ਕੋਟ ਮਹੰਮਦ ਖਾਂ, ਪਿੰਡਾਂ ਵਿੱਚੋਂ 109 ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਦਫਤਰ ਭਿੰਡਰ ਕਲਾਂ ਅਤੇ ਧਰਮਕੋਟ ਵਿੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਜਮ੍ਹਾਂ ਕਰਵਾਏ। ਕਿਸਾਨ ਆਗੂਆਂ ਨੇ ਨਾਲ ਹੀ ਬਿਜਲੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਜਮ੍ਹਾਂ ਕਰਵਾਏ ਗਏ ਮੀਟਰਾਂ ਦੇ ਐਵਰਜ ਬਿੱਲ ਸਬੰਧਤ ਖਪਤਕਾਰਾਂ ਨੂੰ ਭੇਜੇ ਗਏ ਜਾਂ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਬਿਜਲੀ ਦਫਤਰ ਦਾ ਘਿਰਾਓ ਕਰਨਗੇ। ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਧਰਮਕੋਟ ’ਚ ਚਿੱਪ ਵਾਲੇ ਮੀਟਰ ਲੱਗਣ ਨਹੀਂ ਦਿੱਤੇ ਜਾਣਗੇ।

