ਕੋਟਕਪੂਰਾ ’ਚ ਸੀਵਰੇਜ ਦੇ 18 ਕਰੋੜੀ ਪ੍ਰਾਜੈਕਟ ਨੂੰ ਮਨਜ਼ੂਰੀ
ਜ਼ਿਲ੍ਹੇ ਦੀ ਡੀ ਸੀ ਪੂਨਮਦੀਪ ਕੌਰ ਨੇ ਦੱਸਿਆ ਕਿ ਕੋਟਕਪੂਰਾ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਵੱਡੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਸ਼ਿਸ਼ ਕਰਕੇ ਇਥੇ 18 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਰਾਜ ਸਰਕਾਰ ਤੋਂ ਪ੍ਰਵਾਨਗੀ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਦੇਵੀ ਵਾਲਾ ਰੋਡ ਵਾਲੇ 8 ਐੱਮਐੱਲਡੀ ਐੱਸਟੀਪੀ ਤੋਂ ਪਿੰਡ ਦੇਵੀਵਾਲਾ ਡਰੇਨ ਤੱਕ ਦੇ ਸੀਵਰੇਜ ਸਿਸਟਮ ਦਾ ਕੰਮ ਕਰਵਾਇਆ ਜਾਵੇਗਾ।
ਡੀ ਸੀ ਨੇ ਦੱਸਿਆ ਕਿ ਦੇਵੀ ਵਾਲਾ ਰੋਡ ਕੋਟਕਪੂਰਾ ਦੇ ਏਰੀਏ ਦਾ ਸਲੱਜ ਗੈਰੀਅਰ (ਓਪਨ ਨਾਲਾ) ਜੋ ਕਾਫੀ ਪੁਰਾਣਾ ਹੋਣ ਕਾਰਨ ਥਾਂ-ਥਾਂ ਤੋਂ ਲੀਕ ਹੋ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਕਰਕੇ ਬਰਸਾਤਾਂ ਦੌਰਾਨ ਸੀਵਰੇਜ ਦੀ ਭਾਰੀ ਸਮੱਸਿਆ ਪੈਦਾ ਹੋ ਰਹੀ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਇਸ ਦਿੱਕਤ ਨੂੰ ਦੇਖਦਿਆਂ ਸਪੀਕਰ ਸੰਧਵਾਂ ਵੱਲੋਂ ਇਸ ਪ੍ਰੋਜੈਕਟ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਹੁਣ ਇਸ ਕੰਮ ਲਈ 18 ਕਰੋੜ 32 ਲੱਖ ਰੁਪਏ ਦੇ ਟੈਂਡਰ ਲਗਾ ਦਿੱਤੇ ਗਏ ਹਨ ਜੋ ਕਿ 8 ਅਕਤੂਬਰ ਨੂੰ ਖੁੱਲਣਗੇ ਅਤੇ ਇਸ ਉਪਰੰਤ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਜਾਵੇਗਾ।