ਇਲਾਕੇ ਵਿੱਚ ਪਏ ਮੀਂਹ ਕਾਰਨ ਪਿੰਡ ਛਾਪਾ ਦੇ ਇੱਕ ਗਰੀਬ ਅਪਾਹਜ ਮਜ਼ਦੂਰ ਸੁਰਜੀਤ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ਕਾਰਨ ਘਰ ਅੰਦਰ ਪਈ ਪੇਟੀ ਸਮੇਤ ਹੋਰ ਸਮਾਨ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਅਤੇ ਪਰਿਵਾਰ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਪੀੜਤ ਮਜ਼ਦੂਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਬਾਂਹ ਨਾਲ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਪਰ ਮੀਂਹ ਕਾਰਨ ਛੱਤ ਡਿੱਗ ਜਾਣ ਨਾਲ ਹੁਣ ਉਸਦੀ ਰੋਜ਼ੀ-ਰੋਟੀ ਤੇ ਪਰਿਵਾਰ ਦੇ ਰਹਿਣ ਲਈ ਛੱਤ ਦੋਵਾਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਉਸਨੇ ਪ੍ਰਸ਼ਾਸਨ ਤੇ ਸਰਕਾਰ ਕੋਲ ਮੰਗ ਕੀਤੀ ਕਿ ਉਸਦੀ ਮਦਦ ਲਈ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਮੁੜ ਛੱਤ ਦੇ ਸਕੇ।