ਛੱਤ ਹਾਦਸਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ
ਪਿੰਡ ਜਵਾਹਰਕੇ ਵਿੱਜ ਤਿੰਨ ਦਿਨ ਪਹਿਲਾਂ ਕੰਧ ਡਿੱਗਣ ਨਾਲ ਜਿਹੜੇ ਕਿਸਾਨ ਹਰਜੀਵਨ ਸਿੰਘ ਦੀ ਮੌਤ ਹੋ ਗਈ ਸੀ, ਉਸ ਦੇ ਪਰਿਵਾਰ ਨੂੰ ਅੱਜ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਘਰ ਪਹੁੰਚਕੇ 4 ਲੱਖ ਰੁਪਏ ਦਾ ਚੈੱਕ ਵਿੱਤੀ ਸਹਾਇਤਾ ਵਜੋਂ ਦਿੱਤਾ ਗਿਆ।
ਵਿਧਾਇਕ ਬਣਾਂਵਾਲੀ ਨੇ ਪਹਿਲੀ ਸਤੰਬਰ ਨੂੰ ਝੁਨੀਰ ਨੇੜਲੇ ਪਿੰਡ ਚੈਨੇਵਾਲਾ ਵਿਖੇ ਲਗਾਤਾਰ ਮੀਂਹ ਪੈਣ ਕਾਰਨ ਇੱਕ ਲੋੜਵੰਦ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਬਲਜੀਤ ਸਿੰਘ ਅਤੇ ਉਸਦੇ ਭਤੀਜੇ ਰਨਜੋਤ ਸਿੰਘ ਦੀ ਮੌਤ ਹੋ ਗਈ ਸੀ, ਉਨ੍ਹਾਂ ਪਰਿਵਾਰ ਨੂੰ ਸੱਥਰ ਉਤੇ ਬੈਠਿਆਂ ਨੂੰ 8 ਲੱਖ ਰੁਪਏ ਦਾ ਚੈੱਕ ਪੰਜਾਬ ਸਰਕਾਰ ਵੱਲੋਂ ਸੌਂਪਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ ਹੜ੍ਹਾਂ ਕਾਰਨ ਮਾਰੇ ਗਏ ਤਿੰਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਭੋਗ ਤੋਂ ਪਹਿਲਾਂ ਸਹਾਇਤਾ ਰਾਸ਼ੀ ਦਿੱਤੀ ਗਈ ਹੈ।
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਪੀੜਿਤ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੁਦਤਰੀ ਆਫ਼ਤ ਵਿਚ ਹਰ ਪਰਿਵਾਰ ਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਐੱਸਡੀਐੱਮ ਮਾਨਸਾ ਕਾਲਾ ਰਾਮ ਕਾਂਸਲ ਤੇ ਡੀਐੱਸਪੀ ਮਨਜੀਤ ਸਿੰਘ ਵੀ ਮੌਜੂਦ ਸਨ।