ਲੁਟੇਰਿਆਂ ਨੇ ਗਰਿੱਡ ਮੁਲਾਜ਼ਮਾਂ ਨੂੰ ਬੰਦੀ ਬਣਾਇਆ
ਲੁਟੇਰੇ ਖੇਤ ਟਰਾਂਸਫਾਰਮਰਾਂ ਚੋਰੀ ਕਰਨ ਤੋਂ ਅੱਗੇ ਵਧ ਕੇ ਸਿੱਧਾ ਬਿਜਲੀ ਗਰਿੱਡਾਂ ਨੂੰ ਹੀ ਪੈ ਨਿਕਲੇ ਹਨ। ਤਪਾ ਸਬ ਡਿਵੀਜ਼ਨ ਦੇ ਪਿੰਡ ਸੁਖਪੁਰਾ ਦੇ 66 ਕੇਵੀ ਗਰਿੱਡ ਵਿੱਚ ਬੀਤੀ ਰਾਤ ਅਣਪਛਾਤਿਆਂ ਨੇ ਗਰਿੱਡ ਦੇ ਦੋ ਮੁਲਾਜ਼ਮਾਂ ਦੀ ਕੁੱਟਮਾਰ ਕਰ ਕੇ ਬੰਦੀ ਬਣਾ ਦਿੱਤਾ ਤੇ ਗਰਿੱਡ ਵਿੱਚ ਪਈਆਂ ਬੈਟਰੀਆਂ ਲੁੱਟ ਕੇ ਲੈ ਗਏ। ਲੁਟੇਰੇ ਜਦੋਂ ਬੈਟਰੀਆਂ ਲਿਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਗਰਿੱਡ ਨੇੜੇ ਹੀ ਖੇਤਾਂ ਵਿੱਚ ਪਲਟ ਗਈ। ਇਸ ਉਪਰੰਤ ਚੋਰਾਂ ਨੇ ਗਰਿੱਡ ‘ਚ ਖੜ੍ਹਾ ਛੋਟਾ ਹਾਥੀ ਵੀ ਚੋਰੀ ਕਰ ਲਿਆ ਤੇ ਉਸ ਵਿੱਚ ਬੈਟਰੀਆਂ ਲੱਦ ਕੇ ਫ਼ਰਾਰ ਹੋ ਗਏ। ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਗਰਿਡ ਤੋਂ 16 ਪਿੰਡਾਂ ਨੂੰ ਬਿਜਲੀ ਦੀ ਸਪਲਾਈ ਹੁੰਦੀ ਹੈ ਜੋ ਕਿ ਹੁਣ ਬੰਦ ਹੈ।
ਇਸ ਸਬੰਧੀ ਬਿਜਲੀ ਮੁਲਾਜ਼ਮ ਮੂਲਕ ਸਿੰਘ ਅਤੇ ਮਨੋਜ ਭਾਟੀ ਨੇ ਦੱਸਿਆ ਕਿ ਸਾਰੀ ਰਾਤ ਉਨ੍ਹਾਂ ਨੂੰ ਵਾਰ-ਵਾਰ ਨਸ਼ੀਲਾ ਪਦਾਰਥ ਸੁੰਘਾ ਕੇ ਬੰਨ੍ਹ ਕੇ ਰੱਖਿਆ ਗਿਆ। ਹੋਸ਼ ਆਉਣ ’ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਇਸ ਘਟਨਾ ਦੌਰਾਨ ਹੀ ਗਰਿੱਡ ਵਿੱਚ ਬਿਜਲੀ ਸਪਲਾਈ ਪਤਾ ਕਰਨ ਆਇਆ ਸੰਤਪੁਰਾ ਦਾ ਕਿਸਾਨ ਜੱਗੀ ਸਿੰਘ ਵੀ ਲੁਟੇਰਿਆਂ ਨੇ ਬੰਨ੍ਹ ਕੇ ਕੁੱਟਿਆ।
ਸਵੇਰੇ ਸਮੇਂ ਘਟਨਾ ਦਾ ਪਤਾ ਲੱਗਣ ’ਤੇ ਪਿੰਡ ਸੁਖਪੁਰਾ, ਨਿੰਮ ਵਾਲਾ, ਤਾਰਨਤਾਰਨ, ਮੌੜਾਂ, ਢਿੱਲਵਾਂ, ਉਗੋਕੇ ਅਤੇ ਸੰਤਪੁਰਾ ਪਿੰਡ ਦੇ ਪਹੁੰਚੇ ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਤਪਾ-ਪਖੋ ਕੈਂਚੀਆਂ ਸੜਕ ’ਤੇ ਧਰਨਾ ਲਗਾ ਕੇ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਡੀਐੱਸਪੀ ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦੀ ਗੱਡੀ ਵੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਈ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।