ਰੋਡਵੇਜ਼ ਦੀ ਲਾਰੀ: ਡਰਾਈਵਰ ਤੇ ਕੰਡਕਟਰ ਪਾਰਟੀ ’ਚ ਰੁੱਝੇ ਰਹੇ, ਸਵਾਰੀਆਂ ਇੰਤਜ਼ਾਰ ਕਰਦੀਆਂ ਰਹੀਆਂ
ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨਾਥੂਸਰੀ ਚੌਪਟਾ ਤੋਂ ਖੇੜੀ ਅਤੇ ਗੋਸਾਈਂਆਣਾ ਜਾਣ ਵਾਲੀਆਂ ਰੋਡਵੇਜ਼ ਦੀਆਂ ਬੱਸਾਂ ਅੱਜ ਸਮੇਂ-ਸਿਰ ਰਵਾਨਾ ਨਹੀ ਹੋਈਆਂ। ਇਹ ਬੱਸਾਂ ਦੁਪਹਿਰ 2:15 ਵਜੇ ਅਤੇ...
ਹਰਿਆਣਾ ਰੋਡਵੇਜ਼ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨਾਥੂਸਰੀ ਚੌਪਟਾ ਤੋਂ ਖੇੜੀ ਅਤੇ ਗੋਸਾਈਂਆਣਾ ਜਾਣ ਵਾਲੀਆਂ ਰੋਡਵੇਜ਼ ਦੀਆਂ ਬੱਸਾਂ ਅੱਜ ਸਮੇਂ-ਸਿਰ ਰਵਾਨਾ ਨਹੀ ਹੋਈਆਂ। ਇਹ ਬੱਸਾਂ ਦੁਪਹਿਰ 2:15 ਵਜੇ ਅਤੇ 4:15 ਵਜੇ ਰਵਾਨਾ ਹੋਣੀਆਂ ਸਨ ਪਰ ਯਾਤਰੀਆਂ ਨੂੰ ਕੋਈ ਬੱਸ ਨਾ ਮਿਲਣ 'ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਜਾਣਕਾਰੀ ਅਨੁਸਾਰ ਇਨ੍ਹਾਂ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਮੰਗਲਵਾਰ ਨੂੰ ਇੱਕ ਰੋਡਵੇਜ਼ ਕਰਮਚਾਰੀ ਦੀ ਰਿਟਾਇਰਮੈਂਟ ਪਾਰਟੀ ਵਿੱਚ ਰੁੱਝੇ ਹੋਣ ਕਾਰਨ ਆਪਣੀ ਡਿਊਟੀ ਨੂੰ ਅਣਗੌਲਿਆ ਕਰ ਗਏ। ਜਦੋਂ ਯਾਤਰੀ ਘਟਨਾ ਬਾਰੇ ਪੁੱਛਣ ਲਈ ਬੱਸ ਸਟੈਂਡ ਇੰਚਾਰਜ ਦੇ ਦਫ਼ਤਰ ਗਏ ਤਾਂ ਉੱਥੇ ਦੇ ਸਟਾਫ ਨੇ ਕਿਹਾ ਕਿ ਬੱਸ ਸਟੈਂਡ ਇੰਚਾਰਜ ਦੀ ਰਿਟਾਇਰਮੈਂਟ ਪਾਰਟੀ ਕਾਰਨ ਅੱਜ ਬੱਸਾਂ ਨਹੀਂ ਚੱਲ ਰਹੀਆਂ। ਹਨੂੰਮਾਨ ਸਿੰਘ, ਭੂਪ ਸਿੰਘ ਸਹਿਤ ਹੋਰ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਗੋਸਾਈਆਣਾ ਜਾਣਾ ਸੀ ਪਰ ਬੱਸ ਸੇਵਾ ਵਿੱਚ ਵਿਘਨ ਪੈਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਦੁਪਹਿਰ 2:15 ਅਤੇ 4:15 ਵਜੇ ਦੀਆਂ ਬੱਸਾਂ ਦਾ ਇੰਤਜ਼ਾਰ ਕੀਤਾ ਪਰ ਜਦੋਂ ਬੱਸ ਨਹੀਂ ਚੱਲੀ ਤਾਂ ਉਹ ਅੱਡਾ ਇੰਚਾਰਜ ਦੇ ਦਫ਼ਤਰ ਗਏ ਤਾਂ ਪਤਾ ਲੱਗਾ ਕਿ ਰਿਟਾਇਰਮੈਂਟ ਪਾਰਟੀ ਕਾਰਨ ਬੱਸਾਂ ਨਹੀਂ ਚੱਲ ਰਹੀਆਂ। ਇਸ ਲਾਪਰਵਾਹੀ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਯਾਤਰੀਆਂ ਨੇ ਰੋਡਵੇਜ਼ ਪ੍ਰਸ਼ਾਸਨ ਤੋਂ ਜਾਂਚ ਅਤੇ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਪਾਰਟੀਆਂ ਲਈ ਜਨਤਕ ਸਹੂਲਤਾਂ ਦੀ ਬਲੀ ਨਹੀਂ ਦਿੱਤੀ ਜਾਣੀ ਚਾਹੀਦੀ।
ਮਾਮਲੇ ਦੀ ਜਾਣਕਾਰੀ ਨਹੀਂ: ਜੀ ਐੱਮ
ਹਰਿਆਣਾ ਰੋਡਵੇਜ਼ ਸਿਰਸਾ ਡਿਪੂ ਦੇ ਜੀ ਐੱਮ ਅਨਿਤ ਯਾਦਵ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਚੰਡੀਗੜ੍ਹ ਹਾਈ ਕੋਰਟ ਵਿੱਚ ਆਏ ਹੋਏ ਹਨ। ਇਸ ਲਈ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ।