ਖੁੱਡੀ ਕਲਾਂ ’ਚ ਸੜਕ ਦਾ ਕੰਮ ਰੁਕਵਾਇਆ
ਪੁਲੀਸ ਨੇ ਸਰਪੰਚ ਅਤੇ ਉਸ ਦੇ 10 ਸਾਥੀਆਂ ਨੂੰ ਹਿਰਾਸਤ ’ਚ ਲਿਆ; ਸਡ਼ਕ ਬਣਾਉਣ ਤੋਂ ਪਹਿਲਾਂ ਨਾਲੇ ਦੀ ਉਸਾਰੀ ’ਤੇ ਅਡ਼੍ਹੇ ਲੋਕ
ਕਸਬਾ ਹੰਢਿਆਇਆ ਨੇੜੇ ਪੈਂਦੀ ਗ੍ਰਾਮ ਪੰਚਾਇਤ ਖੁੱਡੀ ਕਲਾਂ ਵਿੱਚ ਸਕੂਲ ਅਤੇ ਬਾਬਾ ਨੰਦ ਸਿੰਘ ਦੀ ਸਮਾਧ ਨੂੰ ਜਾਣ ਵਾਲੀ ਸੜਕ ਅਤੇ ਸੜਕ ਦੇ ਨਾਲ ਨਾਲਾ ਬਣਾਉਣ ਦਾ ਵਿਵਾਦ ਅੱਜ ਸ਼ਾਮੀ ਮੁੜ ਭਖ਼ ਗਿਆ। ਪ੍ਰਸ਼ਾਸਨ ਅਧਿਕਾਰੀਆਂ ਨੂੰ ਬੁਲਾ ਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ’ਤੇ ਸਹਿਮਤ ਨਾ ਹੁੰਦਿਆਂ ਸਰਪੰਚ ਸਿਮਰਜੀਤ ਸਿੰਘ ਸਿਮੀ ਮੌਕੇ ’ਤੇ ਆਪਣੇ ਸਾਥੀਆਂ ਨਾਲ ਕੰਮ ਨੂੰ ਰੁਕਵਾਉਣ ਲਈ ਪਹੁੰਚੇ।
ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਪਹਿਲਾਂ ਇੱਕ ਨਾਲਾ ਬਣਾਇਆ ਜਾਵੇ, ਇਸ ਮਗਰੋਂ ਸੜਕ ਨੂੰ ਬਣਾਇਆ ਜਾਵੇ। ਪਤਾ ਲੱਗਣ ’ਤੇ ਸਬਡਵੀਜਨ ਬਰਨਾਲਾ ਦੇ ਡੀਐੱਸਪੀ ਸਤਬੀਰ ਸਿੰਘ ਬੈਂਸ, ਐੱਸਐੱਚਓ ਸਦਰ ਸ਼ੇਰਵਿੰਦਰ ਸਿੰਘ, ਪੁਲੀਸ ਚੌਕੀ ਹੰਢਿਆਇਆ ਦੇ ਇੰਚਾਰਜ ਗੁਰ ਸਿਮਰਨਜੀਤ ਸਿੰਘ ਪੁਲੀਸ ਨਾਲ ਮੌਕੇ ’ਤੇ ਪੁੱਜੇ। ਸਰਪੰਚ ਸਿਮਰਜੀਤ ਸਿੰਘ ਸਿੰਮੀ ਅਤੇ ਉਸ ਦੇ ਕਰੀਬ 10 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸੜਕ ਦਾ ਕੰਮ ਮੁੜ ਸ਼ੁਰੂ ਕਰਵਾਇਆ ਗਿਆ। ਦੂਜੀ ਧਿਰ ਦੇ ਮੋਢੀ ਤਰਸੇਮ ਸਿੰਘ ਥਿੰਦ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਸੜਕ ਦੇ ਕਿਨਾਰੇ ਅੰਡਰਗਰਾਊਂਡ ਪਾਈਪ ਪਵਾਉਣ ਲਈ ਤਿਆਰ ਹਨ, ਜਿਸ ਨਾਲ ਕਿਸੇ ਵੀ ਪਿੰਡ ਵਾਸੀਆਂ ਨੂੰ ਸਮੱਸਿਆ ਨਹੀਂ ਹੋਵੇਗੀ ਪਰ ਦੋਵੇਂ ਧਿਰਾਂ ਦੀ ਸਹਿਮਤੀ ਨਾ ਬਣੀ।
ਪਿੰਡ ਵਾਸੀਆਂ ਨਾਲ ਧੱਕਾ ਨਹੀਂ ਹੋਣ ਦਿਆਂਗਾ: ਵਿਧਾਇਕ
ਸੂਚਨਾ ਮਿਲਣ ਮਗਰੋਂ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ (ਕਾਂਗਰਸੀ) ਸਰਪੰਚ ਸਿਮਰਜੀਤ ਸਿੰਮੀ ਦੇ ਹੱਕ ਵਿੱਚ ਆਪਣੇ ਸਾਥੀਆਂ ਨਾਲ ਪਿੰਡ ਖੁੱਡੀ ਕਲਾਂ ਪਹੁੰਚ ਗਏ ਅਤੇ ਸੜਕ ਨਿਰਮਾਣ ਦੇ ਕੰਮ ਨੂੰ ਤੁਰੰਤ ਰੁਕਵਾਇਆ। ਉਨ੍ਹਾਂ ਡੀਸੀ ਬਰਨਾਲਾ ਵੱਲੋਂ ਜਾਰੀ ਕੀਤਾ ਹੋਇਆ ਪੱਤਰ ਦਿਖਾਉਂਦਿਆਂ ਕੰਮ ਮੁਅੱਤਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਵਿਕਾਸ ਕਾਰਜ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੇ ਪਰ ਕਿਸੇ ਵੀ ਪਿੰਡ ਵਾਸੀ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਵਿਧਾਇਕ ਕਾਲਾ ਢਿੱਲੋਂ ਦੇ ਇਸ ਬਿਆਨ ਮਗਰੋਂ ਦੂਜੀ ਧਿਰ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੁਲੀਸ ਫੋਰਸ ਨੇ ਦੋਵਾਂ ਧਿਰਾਂ ਨੂੰ ਵੱਖੋ-ਵੱਖ ਕੀਤਾ।