ਸੀਵਰੇਜ ਪਾਏ ਬਗੈਰ ਹੋ ਰਿਹਾ ਹੈ ਸੜਕ ਦਾ ਨਵੀਨੀਕਰਨ
ਸੜਕ ਦੀ ਉਸਾਰੀ ’ਤੇ ਖਰਚੇ ਜਾ ਰਹੇ ਨੇ 92 ਲੱਖ ਰੁਪਏ; ਸੀਵਰੇਜ ਦੇ ਪਾਣੀ ਕਾਰਨ ਟੁੱਟ ਜਾਂਦੀ ਹੈ ਸਡ਼ਕ
ਪੰਜਾਬ ਸਰਕਾਰ ਵੱਲੋਂ ਮੁਕਤਸਰ ਬਾਈਪਾਸ ਦੀ ਸੜਕ ਦਾ ਨਵੀਨੀਕਰਨ ਸੀਵਰੇਜ ਦਾ ਪ੍ਰਬੰਧ ਕੀਤੇ ਬਿਨਾਂ ਹੀ ਹੋ ਰਿਹਾ ਹੈ। ਸਰਕਾਰ ਵੱਲੋਂ ਜਾਰੀ 92 ਲੱਖ ਰੁਪਏ ਨਾਲ ਸੜਕ ਦੇ ਟੋਇਆਂ ਵਿੱਚ ਮੋਟਾ ਪੱਥਰ ਪਾ ਦਿੱਤਾ ਗਿਆ ਹੈ ਪਰ ਇਸ ’ਤੇ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ। ਇਸ ਤਰ੍ਹਾਂ ਦੀ ਹਾਲਤ ਵਿੱਚ ਜੇਕਰ ਇਸ ’ਤੇ ਲੁੱਕ ਬਜ਼ਰੀ ਪਾ ਦਿੱਤੀ ਗਈ ਤਾਂ ਸ਼ਾਇਦ ਇਹ 92 ਲੱਖ ਰੁਪਏ ਨਾਲ ਬਣੀ ਸੜਕ 92 ਦਿਨ ਵੀ ਨਾ ਚੱਲੇ। ਡਾਕਟਰ ਕੇਹਰ ਸਿੰਘ ਚੌਕ ਨੇੜੇ ਸਥਿਤ ਸੈਂਟਰਲ ਪਲਾਜ਼ਾ ਸੜਕ ’ਤੇ ਲੰਬੇ ਸਮੇਂ ਤੋਂ ਸੀਵਰੇਜ ਦਾ ਪਾਣੀ ਫੈਲਿਆ ਰਹਿੰਦਾ ਹੈ। ਇਸੇ ਕਾਰਨ ਸੜਕ ਟੁੱਟਦੀ ਹੈ। ਸੜਕ ਤਾਂ ਬਣਾਈ ਜਾ ਰਹੀ ਹੈ ਪਰ ਦੂਸ਼ਿਤ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਸ਼ਹਿਰ ਵਾਸੀਆਂ ਵੱਲੋਂ ਸੜਕ ਦੇ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਨਵੀਨੀਕਰਨ ’ਤੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।
ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ: ਐਕਸੀਅਨ
ਕਾਰਜਕਾਰੀ ਇੰਜਨੀਅਰ ਮੀਤ ਗਰਗ ਨੇ ਦੱਸਿਆ ਕਿ ਡਾਕਟਰ ਕੇਹਰ ਸਿੰਘ ਮਾਰਗ ਦੇ ਨਿਰਮਾਣ ਵਾਸਤੇ ਬਾਲਾ ਕੰਸਟਰਕਸ਼ਨ ਕੰਪਨੀ ਮਾਨਸਾ ਨੂੰ 92 ਲੱਖ ਰੁਪਏ ਵਿੱਚ ਠੇਕਾ ਦਿੱਤਾ ਹੈ ਪਰ ਸੀਵਰੇਜ ਦਾ ਪਾਣੀ ਇਹ ਸਾਰੇ ਪੈਸੇ ਬਰਬਾਦ ਕਰ ਦੇਵੇਗਾ। ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਸੀਵਰੇਜ ਦੇ ਪਾਣੀ ਦੇ ਪ੍ਰਬੰਧ ਤੋਂ ਬਿਨਾਂ ਉਹ ਸੜਕ ਦਾ ਨਿਰਮਾਣ ਨਹੀਂ ਕਰਨਗੇ।
ਸੀਵਰੇਜ ਦੇ ਪ੍ਰਬੰਧ ਤੋਂ ਬਿਨਾਂ ਨਹੀਂ ਬਣੇਗੀ ਸੜਕ: ਡੀ ਸੀ
ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਏ ਡੀ ਸੀ ਅਤੇ ਏਜੀਸੀ ਯੂ ਟੀ ਦੀ ਡਿਊਟੀ ਲਾ ਦਿੱਤੀ ਹੈ। ਮਾਲ ਦੇ ਮਾਲਕਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਸੀਵਰੇਜ ਦੇ ਪਾਣੀ ਦਾ ਸਥਾਈ ਪ੍ਰਬੰਧ ਹੋਣ ਤੋਂ ਬਿਨਾਂ ਸੜਕ ਦੀ ਉਸਾਰੀ ਨਹੀਂ ਹੋਵੇਗੀ।