ਸੜਕ ਹਾਦਸਾ: ਟਰਾਲਾ ਚਾਲਕ ਦੀ ਗ੍ਰਿਫ਼ਤਾਰੀ ਲਈ ਵਫ਼ਦ ਥਾਣਾ ਮੁਖੀ ਨੂੰ ਮਿਲਿਆ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 26 ਜੂਨ
ਪਿੰਡ ਉਗੋਕੇ ਦੇ ਸੁਖਵਿੰਦਰ ਸਿੰਘ ਉਰਫ਼ ਨਿੰਦਰ ਫੌਜੀ ਦੀ ਟਰਾਲੇ ਥੱਲੇ ਆ ਕੇ ਹੋਈ ਮੌਤ ਅਤੇ ਟਰਾਲੇ ਦੀ ਭਾਲ ਲਈ ਕਿਸਾਨ ਯੂਨੀਅਨਾਂ ਦਾ ਵਫ਼ਦ ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੂੂੰ ਮਿਲਿਆ। ਸਰਪੰਚ ਰਾਮ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 5 ਜੂਨ ਨੂੰ ਨਿੰਦਰ ਫੌਜੀ ਦੀ ਟਰਾਲੇ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਲੋਕਾਂ ਤੇ ਕਿਸਾਨ ਜੱਥੇਬੰਦੀਆਂ ਨੇ ਕੈਮਰਿਆਂ ਰਾਹੀਂ ਟਰਾਲੇ ਦਾ ਪਤਾ ਲਾ ਲਿਆ ਹੈ, ਪ੍ਰੰਤੂ 20 ਦਿਨ ਲੰਘ ਜਾਣ ’ਤੇ ਵੀ ਪੁਲੀਸ ਟਰਾਲਾ ਅਤੇ ਟਰਾਲਾ ਚਾਲਕ ਬਾਰੇ ਕੁਝ ਵੀ ਖੁਲਾਸਾ ਨਹੀਂ ਕਰ ਸਕੀ ਹੈ। ਪਿੰਡ ਉਨ੍ਹਾਂ ਕਿਹਾ ਕਿ ਜੇ ਕਾਰਵਾਈ ਤੇਜ਼ ਨਾ ਹੋਈ ਤਾਂ ਉਹ ਥਾਣੇ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਥਾਣਾ ਮੁਖੀ ਗੁਰਮੰਦਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਕੇਸ ਦੀ ਪੁਲੀਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰੁਪਿੰਦਰ ਸਿੰਘ, ਬੇਅੰਤ ਸਿੰਘ ਸੁਖਪੁਰਾ, ਹਰਲੀਲ ਸਿੰਘ, ਰੂਪ ਸਿੰਘ ਢਿੱਲਵਾਂ, ਅਵਤਾਰ ਸਿੰਘ ਖਾਲਸਾ, ਜਸਵੀਰ ਸਿੰਘ ਫੌਜੀ, ਸਾਗਰ ਸਿੰਘ, ਬਲਵੰਤ ਸਿੰਘ ਪ੍ਰਧਾਨ, ਜਗਸੀਰ ਸਿੰਘ ਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ।