ਗੁਰਸ਼ਰਨ ਭਾਅ ਜੀ ਦੀ ਯਾਦ ’ਚ ਇਨਕਲਾਬੀ ਰੰਗ ਮੰਚ ਦਿਹਾੜਾ
ਲੋਕਾਂ ਦੀ ਆਵਾਜ਼ ਦਬਾਉਣ ਲਈ ਕਾਨੂੰਨ ਵਰਤਣ ਲੱਗੀਆਂ ਸਰਕਾਰਾਂ: ਵਰਿੰਦਾ ਗਰੋਵਰ
ਪੰਜਾਬ ਦੇ ਉੱਘੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਬਰਸੀ ਅੱਜ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿੱਚ ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਸੂਬਾ ਪੱਧਰੀ ਸਮਾਗਮ ਕਰ ਕੇ ਮਨਾਈ ਗਈ। ਮੁੱਖ ਬੁਲਾਰੇ ਵਜੋਂ ਨਵੀਂ ਦਿੱਲੀ ਹਾਈ ਕੋਰਟ ਦੀ ਐਡਵੋਕੇਟ ਵਰਿੰਦਾ ਗਰੋਵਰ, ਡਾ. ਨਵਸ਼ਰਨ ਤੇ ਡਾ. ਅਤੁਲ ਸੂਦ ਨੇ ਸ਼ਿਰਕਤ ਕੀਤੀ ਜਦਕਿ ਭਾਅ ਜੀ ਦੀ ਦੂਜੀ ਬੇਟੀ ਡਾ. ਅਰੀਤ, ਬੂਟਾ ਸਿੰਘ ਮਹਿਮੂਦਪੁਰ (ਨਵਾਂ ਸ਼ਹਿਰ), ਡਾ. ਪਰਮਿੰਦਰ ਅੰਮ੍ਰਿਤਸਰ, ਸੋਹਣ ਸਿੰਘ ਮਾਝੀ, ਅਮੋਲਕ ਸਿੰਘ ਤੇ ਰਜਿੰਦਰ ਭਦੌੜ ਮੰਚ ’ਤੇ ਸੁਸ਼ੋਭਿਤ ਸਨ।
ਐਡਵੋਕੇਟ ਵਰਿੰਦਾ ਗਰੋਵਰ ਨੇ ਕਿਹਾ ਕਿ ਕਾਨੂੰਨਾਂ ਦਾ ਸੰਵਿਧਾਨਕ ਮੰਤਵ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣਾ ਸੀ ਪਰ ਅੱਜ ਇਸ ਦੇ ਉਲਟ ਹੋ ਰਿਹਾ ਹੈ। ਸਰਕਾਰਾਂ ਕਾਨੂੰਨਾਂ ਨੂੰ ਹੀ ਲੋਕਾਂ ਦੇ ਹੱਕ, ਆਵਾਜ਼ ਦਬਾਉਣ ਲਈ ਹਥਿਆਰ ਵਜੋਂ ਵਰਤਣ ਲੱਗੀਆਂ ਹਨ। ਭਾਅ ਜੀ ਦੀ ਧੀ ਡਾ. ਨਵਸ਼ਰਨ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਦੀ ਸੋਚ ਅਤੇ ਘਾਲਣਾ ਮੰਗ ਕਰਦੀ ਹੈ ਕਿ ਉਨ੍ਹਾਂ ਤਾਕਤਾਂ ਦੇ ਮਨਸੂਬੇ ਨਾਕਾਮ ਕੀਤੇ ਜਾਣ ਜਿਹੜੇ ਪੰਜਾਬ ਅੰਦਰ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਜ਼ਹਿਰ ਉਗਲ ਰਹੇ ਹਨ ਅਤੇ ਕਿਸਾਨ ਆਗੂਆਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਨੇ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਕਲਮ, ਕਲਾ ਅਤੇ ਲੋਕਾਂ ਦੀ ਮਜ਼ਬੂਤ ਜੋਟੀ ਸਮੇਂ ਦੀ ਲੋੜ ਹੈ। ਸਮਾਗਮ ਵਿੱਚ ਹੜ੍ਹ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਲੱਦਾਖ ਦੇ ਸੋਨਮ ਵਾਂਗਚੁਕ ’ਤੇ ਐੱਨ ਐੱਸ ਏ ਲਾਉਣ ਵਿਰੁੱਧ ਮਤਾ ਪਾਸ ਕੀਤਾ ਗਿਆ। 25 ਕਿਤਾਬਾਂ ਤੇ ਪਾਬੰਦੀ ਲਾਏ ਜਾਣ ਦੀ ਤਿੱਖੀ ਆਲੋਚਨਾ ਕੀਤੀ ਗਈ। ਇਸ ਮਗਰੋਂ ਕੇਵਲ ਧਾਲੀਵਾਲ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਕ੍ਰਮਵਾਰ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਧਰਤ ਵੰਗਾਰੇ ਤਖ਼ਤ ਨੂੰ’ ਨਾਟਕ ਖੇਡੇ ਗਏ। ਮੰਚ ਸੰਚਾਲਨ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਬਾਖ਼ੂਬੀ ਕੀਤਾ।