ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਨਕਲਾਬੀ ਮਾਰਚ
ਸ਼ਹੀਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਨ 'ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇੱਥੇ ਭਗਤ ਨਾਮਦੇਵ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ 'ਇਨਕਲਾਬੀ ਮਾਰਚ' ਕੱਢਿਆ ਗਿਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜ਼ਿਲ੍ਹਾ ਪ੍ਰਧਾਨ ਡਾ....
ਸ਼ਹੀਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਨ 'ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇੱਥੇ ਭਗਤ ਨਾਮਦੇਵ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ 'ਇਨਕਲਾਬੀ ਮਾਰਚ' ਕੱਢਿਆ ਗਿਆ।
ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਪਾਲ ਨੇ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨ ਉਪਰੰਤ ਕਿਹਾ ਕਿ ਭਗਤ ਸਿੰਘ ਜਿੱਥੇ ਇਨਕਲਾਬੀ ਸਿਰਲੱਥ ਯੋਧਾ ਸੀ ਉੱਥੇ ਉਹ ਵਿਗਿਆਨਕ ਵਿਚਾਰਵਾਨ, ਦੂਰਦਰਸ਼ੀ ਅਤੇ ਚਿੰਤਕ ਵੀ ਸੀ ਜਿਸ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਤੱਕ ਸੰਘਰਸ਼ ਦਾ ਸੰਕਲਪ ਉਭਾਰਿਆ। ਆਗੂਆਂ ਨੇ ਸ਼ਹੀਦ ਦੇ ਆਸ਼ੇ ਅਨੁਸਾਰ ਮੌਜੂਦਾ ਮਜ਼ਦੂਰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਰਾਜਨੀਤਕ ਪ੍ਰਬੰਧ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਕੇ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਉਪਰੰਤ ਭਗਤ ਨਾਮਦੇਵ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਇਨਕਲਾਬੀ ਮਾਰਚ ਕੀਤਾ ਗਿਆ। ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਹਾਰ ਪਹਿਨਾਉਣ ਦੀ ਰਸਮ ਨੀਲਮ ਰਾਣੀ ਨੇ ਅਦਾ ਕੀਤੀ। ਬਲਦੇਵ ਮੰਡੇਰ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੰਚ ਸੰਚਾਲਨ ਸੁਖਵਿੰਦਰ ਠੀਕਰੀਵਾਲਾ ਨੇ ਕੀਤਾ। ਇਸ ਸਮੇਂ ਜਸਪਾਲ ਚੀਮਾ, ਹਰਚਰਨ ਚਹਿਲ, ਸਤਨਾਮ ਸਿੰਘ, ਪ੍ਰਗਟ ਸਿੰਘ ਕੋਟਦੁੱਨਾ, ਕੁਲਦੀਪ ਸਿੰਘ ਸੰਘੇੜਾ, ਪ੍ਰੇਮਪਾਲ ਕੌਰ,ਜਸਲੀਨ, ਜਸਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਗਮੀਤ ਬੱਲਮਗੜ੍ਹ ਆਦਿਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ/ਵਰਕਰ ਸ਼ਾਮਿਲ ਹੋਏ।
ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੋਣ ਦੇ ਬਾਵਜੂਦ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਦਾਅਵਾ ਕਰਕੇ ਆਈ 'ਆਪ' ਦੇ ਸ਼ਾਸਨ ਦੇ ਚਲਦਿਆਂ ਅੱਜ ਸ਼ਹਿਰ ਦੇ ਧੁਰ ਅੰਦਰ ਸਥਾਪਤ ਸ਼ਹੀਦ ਦੇ ਬੁੱਤ ਨੂੰ ਹਾਰ ਪਹਿਨਾਉਣਾ ਤਾਂ ਦੂਰ ਬਲਕਿ ਉਸ ਥਾਂ ਦੀ ਸਾਫ਼ ਸਫ਼ਾਈ ਤੱਕ ਨਹੀਂ ਕਰਵਾਈ ਗਈ ਸੀ। ਜਦਕਿ ਸਥਾਨਕ 'ਆਪ' ਆਗੂ ਤੇ ਅਹੁਦੇਦਾਰ ਨਿੱਜੀ ਸਮਾਗਮਾਂ ਵਿੱਚ ਸ਼ਾਮਲ ਸਨ। ਕਾਮਰੇਡ ਦੱਤ ਨੇ ਕਿਹਾ ਕਿ ਸੱਤਾਧਾਰੀ ਦਫ਼ਤਰਾਂ 'ਚ ਲੱਗੀਆਂ ਤਸਵੀਰਾਂ ਦੇ ਬਾਵਜੂਦ ਸ਼ਹੀਦ ਵਿਸਾਰੇ ਜਾ ਚੁੱਕੇ ਹਨ ਜਿਨ੍ਹਾਂ ਇਸ ਜਗ੍ਹਾ ਫੇਰਾ ਪਾਉਣ ਦੀ ਲੋੜ ਵੀ ਨਹੀਂ ਸਮਝੀ।