ਪਰਿਸ਼ਦ ਤੇ ਸਮਿਤੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ
ਅਧਿਕਾਰੀਅਾਂ ਵੱਲੋਂ ਮਤਦਾਨ ਕੇਂਦਰਾਂ ਦੇ ਨਿਰੀਖਣ; ਬਰਨਾਲਾ ਜ਼ਿਲ੍ਹੇ ਵਿੱਚ 369 ਮਤਦਾਨ ਕੇਂਦਰ ਸਥਾਪਤ
ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਅਤੇ ਐੱਸ ਐੱਸ ਪੀ ਸਰਫ਼ਰਾਜ਼ ਆਲਮ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ-ਭੈਅ ਤੋਂ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕ ਆਪਣੇ ਮਤਦਾਨ ਦੀ ਵਰਤੋਂ ਲਾਜ਼ਮੀ ਕਰਨ। ਉਨ੍ਹਾਂ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਐੱਸ ਐੱਸ ਪੀ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਂਤੀਪੂਰਨ ਤੇ ਅਮਨ ਅਮਾਨ ਨਾਲ ਵੋਟਾਂ ਪੁਆਈਆਂ ਜਾਣਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ ’ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਲਈ ਕੁੱਲ 3,14,554 ਮਤਦਾਤਾ 14 ਦਸੰਬਰ ਨੂੰ ਵੋਟਾਂ ਪਾਉਣਗੇ। ਇਨ੍ਹਾਂ ਵਿੱਚ 1,66,681 ਪੁਰਸ਼ ਮਤਦਾਤਾ, 1,47,872 ਮਹਿਲਾ ਮਤਦਾਤਾ ਅਤੇ ਇੱਕ ਟ੍ਰਾਂਸਜੈਂਡਰ ਮਤਦਾਤਾ ਸ਼ਾਮਲ ਹਨ। ਮਤਦਾਤਾ ਆਪਣੀ ਵੋਟ 369 ਪੋਲਿੰਗ ਬੂਥਾਂ ‘ਤੇ ਪਾਓਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਤਦਾਤਾ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰ ਰਾਹੀਂ ਵੋਟ ਪਾਓਣਗੇ। ਪਾਈਆਂ ਗਈਆਂ ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਨਿਰਧਾਰਤ ਕੇਂਦਰਾਂ ‘ਤੇ ਕੀਤੀ ਜਾਵੇਗੀ। ਬਰਨਾਲਾ ਅਤੇ ਸਹਿਣਾ ਜ਼ੋਨਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿੱਚ ਅਤੇ ਮਹਿਲ ਕਲਾਂ ਦੀ ਗਿਣਤੀ ਐਸ.ਡੀ.ਐਮ. ਦਫ਼ਤਰ ਮਹਿਲ ਕਲਾਂ ਵਿੱਚ ਹੋਵੇਗੀ।
ਸ੍ਰੀ ਬੈਨਿਥ ਨੇ ਦੱਸਿਆ ਕਿ ਸ਼ਹਿਣਾ ਵਿੱਚ ਕੁੱਲ 1,27,704 ਮਤਦਾਤਾ ਹਨ, ਜਿਨ੍ਹਾਂ ਵਿੱਚ 67,576 ਪੁਰਸ਼ ਅਤੇ 60,128 ਮਹਿਲਾ ਮਤਦਾਤਾ ਸ਼ਾਮਲ ਹਨ। ਇਸ ਜ਼ੋਨ ਵਿੱਚ ਕੁੱਲ 158 ਪੋਲਿੰਗ ਬੂਥ ਹਨ। ਇਸੇ ਤਰ੍ਹਾਂ ਬਰਨਾਲਾ ਜ਼ੋਨ ਵਿੱਚ ਕੁੱਲ 67,448 ਮਤਦਾਤਾ ਹਨ, ਜਿਨ੍ਹਾਂ ਵਿੱਚ 35,789 ਪੁਰਸ਼ ਅਤੇ 31,659 ਮਹਿਲਾਵਾਂ ਹਨ। ਇਸ ਜ਼ੋਨ ਵਿੱਚ 80 ਪੋਲਿੰਗ ਬੂਥ ਹਨ। ਮਹਿਲ ਕਲਾਂ ਜ਼ੋਨ ਵਿੱਚ ਕੁੱਲ 1,19,402 ਮਤਦਾਤਾ ਹਨ, ਜਿਨ੍ਹਾਂ ਵਿੱਚ 63,316 ਪੁਰਸ਼, 56,085 ਮਹਿਲਾਵਾਂ ਅਤੇ ਇੱਕ ਟ੍ਰਾਂਸਜੈਂਡਰ ਮਤਦਾਤਾ ਸ਼ਾਮਲ ਹੈ। ਇਸ ਹਲਕੇ ਵਿੱਚ 131 ਪੋਲਿੰਗ ਬੂਥ ਹਨ।
ਫਰੀਦਕੋਟ ਵਿੱਚ 395 ਬੂਥ ਸੰਵੇਦਨਸ਼ੀਲ ਐਲਾਨੇ
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿੱਚ ਐਤਵਾਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਹੋ ਰਹੀਆਂ ਚੋਣਾਂ ਲਈ ਪੁਲੀਸ ਨੇ ਫਰੀਦਕੋਟ ਰੇਂਜ ਵਿੱਚ 395 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਹੈ ਅਤੇ ਇਥੇ ਲੜਾਈ ਝਗੜੇ ਦਾ ਖਦਸ਼ਾ ਕੀਤਾ ਹੈ। ਇਸ ਦੇ ਨਾਲ ਹੀ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 61 ਬੂਥਾਂ ਨੂੰ ਹਾਈਪਰ ਐਲਾਨਿਆ ਗਿਆ ਹੈ। ਫਰੀਦਕੋਟ ਰੇਂਜ ਦੀ ਡੀ ਆਈ ਜੀ ਨਿਲਾਮਬਰੀ ਜਗਦਲੇ ਨੇ ਦੱਸਿਆ ਕਿ ਫਰੀਦਕੋਟ ਰੇਂਜ ਵਿੱਚ ਮੋਗਾ, ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹੇ ਆਉਂਦੇ ਹਨ। ਡੀ ਆਈ ਜੀ ਨੇ ਦੱਸਿਆ ਕਿ ਫਰੀਦਕੋਟ ਰੇਂਜ ਵਿੱਚ ਜ਼ਿਲ੍ਹਾ ਪਰਿਸ਼ਦ ਲਈ ਕੁੱਲ 158 ਅਤੇ ਬਲਾਕ ਸਮਿਤੀ ਲਈ 891 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾ ਕਿ ਪੂਰੀ ਰੇਂਜ ਵਿੱਚ 1705 ਬੂਥ ਸਥਾਪਿਤ ਕੀਤੇ ਗਏ ਹਨ। ਡੀ ਆਈ ਜੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਦੌਰਾਨ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਤਰ੍ਹਾਂ ਚੋਣਾਂ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਚੋਣਾਂ ਲਈ ਲੋੜੀਂਦੇ ਸੁਰੱਖਿਆ ਬਲ ਦਿਨ ਬੂਥਾਂ ਅਤੇ ਪੋਲਿੰਗ ਸਟੇਸ਼ਨਾਂ ਉੱਪਰ ਪਹੁੰਚ ਜਾਣਗੇ। ਡੀ ਆਈ ਜੀ ਨੇ ਦੱਸਿਆ ਕਿ ਫਰੀਦਕੋਟ ਵਿੱਚ 80, ਮੁਕਤਸਰ ਵਿੱਚ 108 ਅਤੇ ਮੋਗਾ ਵਿੱਚ 207 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ।
ਚੋਣ ਨਿਰੀਖਕ ਵੱਲੋਂ ਸਟਰਾਂਗ ਰੂਮ ਤੇ ਗਿਣਤੀ ਸੈਂਟਰਾਂ ਦਾ ਜਾਇਜ਼ਾ
ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੂੰ 14 ਦਸੰਬਰ ਨੂੰ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਚੋਣ ਨਿਰੀਖਕ ਰਾਕੇਸ਼ ਕੁਮਾਰ ਪੋਪਲੀ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਟਰਾਂਗ ਰੂਮਾਂ ਅਤੇ ਕਾਊਂਟਿੰਗ ਸੈਂਟਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲ ਪੱਤੀ ਅਤੇ ਸਕੂਲ ਆਫ ਐਮੀਨੈਂਸ ਭੁੱਚੋ ਕਲਾਂ ਸਮੇਤ ਕਈ ਸਥਾਨਾਂ ’ਤੇ ਸੁਰੱਖਿਆ ਤੇ ਤਕਨੀਕੀ ਪ੍ਰਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਮੌਕੇ ਰਿਟਰਨਿੰਗ ਅਫਸਰ (ਜ਼ਿਲ੍ਹਾ ਪ੍ਰੀਸ਼ਦ)-ਕਮ-ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵੀ ਹਾਜ਼ਰ ਰਹੇ। ਦੌਰੇ ਦੌਰਾਨ ਚੋਣ ਨਿਰੀਖਕ ਨੇ ਸਟਰਾਂਗ ਰੂਮਾਂ ਦੀ ਸੁਰੱਖਿਆ, ਡਬਲ ਲਾਕਿੰਗ ਸਿਸਟਮ, 24×7 ਸੀ ਸੀ ਟੀ ਵੀ ਮੋਨੀਟਰਿੰਗ, ਡਿਊਟੀ ਰੋਸਟਰ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਜਾਂਚ ਕੀਤੀ। ਇਸ ਦੇ ਨਾਲ ਨਾਲ ਕਾਊਂਟਿੰਗ ਹਾਲਾਂ, ਬੈਰਿਕੇਡਿੰਗ, ਮੋਨੀਟਰਨਿੰਗ ਕੰਟਰੋਲ ਰੂਮ ਅਤੇ ਅਧਿਕਾਰੀਆਂ ਲਈ ਕੀਤੀਆਂ ਤਿਆਰੀਆਂ ਦਾ ਵੀ ਨਿਰੀਖਣ ਕੀਤਾ। ਸ੍ਰੀ ਪੋਪਲੀ ਨੇ ਚੋਣ ਅਧਿਕਾਰੀਆਂ ਨੂੰ ਰਾਜ ਚੋਣ ਕਮਿਸ਼ਨ ਦੇ ਨਿਯਮਾਂ ਦੀ ਪੂਰੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੋਟਿੰਗ ਤੋਂ ਲੈ ਕੇ ਗਿਣਤੀ ਤੱਕ ਹਰ ਪ੍ਰਬੰਧ ਦੀ ਡਬਲ ਚੈਕਿੰਗ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਚੋਣ ਨਿਰੀਖਕ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਚੋਣਾਂ ਨੂੰ ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਦਾਇਤਾਂ ਦਿੱਤੀਆਂ।

