ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਨੇ ਅੱਜ ਬੁਢਲਾਡਾ ਵਿੱਚ ਕਾਰਪੋਰੇਸ਼ਨ ਦੇ ਡਿੱਪੂ ਵਿੱਚ ਧਰਨਾ ਦਿੰਦਿਆਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ। ਐਸੋਸੀਏਸ਼ਨ ਨੇ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਕਾਰਪੋਰੇਸ਼ਨ ਨੂੰ ਆਪਣੀ ਮਾਲਕੀ ਵਾਲੀਆਂ ਬੱਸਾਂ ਪਾਉਣੀਆਂ ਚਾਹੀਦੀਆਂ ਹਨ। ਜਥੇਬੰਦੀ ਨੇ ਦੋਸ਼ ਲਾਇਆ ਕਿ ਜਿਵੇਂ ਬਾਦਲਾਂ ਦੇ ਰਾਜ ਦੌਰਾਨ, ਕਾਂਗਰਸ ਦੀ ਸਰਕਾਰ ਹੁੰਦਿਆਂ ਕਾਰਪੋਰੇਸ਼ਨ ਵਿੱਚ ਵੱਡੇ ਘਰਾਂ ਦੀਆਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਨੂੰ ਪਾ ਕੇ ਪੀਆਰਟੀਸੀ ਦਾ ਕੰਚੂਮਰ ਕੱਢਿਆ ਜਾਂਦਾ ਸੀ, ਉਸੇ ਰਾਹ ਉੱਤੇ ਹੀ ਹੁਣ ਭਗਵੰਤ ਮਾਨ ਦੀ ਸਰਕਾਰ ਚੱਲ ਪਈ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਹਾਕਮ ਸਿੰਘ ਗੰਢੂ ਖੁਰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੇਵਾ ਮੁਕਤ ਮੁਲਾਜ਼ਮਾਂ ਦੇ ਰਹਿੰਦੇ ਬਕਾਏ ਅਤੇ ਲੀਵ ਇਨ ਕੈਸਮੈਂਟ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਕਾਏ, ਮੈਡੀਕਲ ਬਿਲ ਨਾ ਮਿਲਣ ਕਾਰਨ ਮੈਨੇਜਮੈਂਟ ਆਪਣੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਬਕਾਏ ਜਲਦੀ ਦਿੱਤੇ ਜਾਣ ਤਾਂ ਬੁਜ਼ਰਗ ਹੋ ਚੁੱਕੇ ਪੈਨਸ਼ਨਰਾਂ ਦੀ ਮਾਲੀ ਹਾਲਤ ’ਚ ਸੁਧਾਰ ਹੋ ਸਕੇ। ਇਸ ਮੌਕੇ ਰਘਵੀਰ ਸਿੰਘ ਅਤੇ ਤਾਰਾ ਸਿੰਘ ਨੇ ਵੀ ਸੰਬੋਧਨ ਕੀਤਾ।