ਨਗਰ ਕੌਂਸਲ ਦਫ਼ਤਰ ਬੁਢਲਾਡਾ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਰੱਖੀ ਮੀਟਿੰਗ ਦੌਰਾਨ ਉਸ ਵੇਲੇ ਪਾਣੀ ਫਿਰ ਗਿਆ, ਜਦੋਂ ਸ਼ਹਿਰ ਦੇ ਚੰਗੇ ਕਾਰਜਾਂ ਬਾਰੇ ਮਤੇ ਪਾਸ ਨਾ ਹੋ ਸਕੇ। ਸ਼ਹਿਰ ਵਾਸੀਆਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਅਜੇ ਹੋਰ ਉਡੀਕ ਕਰਨੀ ਪਵੇਗੀ।
ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਚੱਲ ਰਹੀ ਮੀਟਿੰਗ ਦੌਰਾਨ ਵਾਰਡ ਨੰ. 8 ਦੇ ਵਾਸੀਆਂ ਵੱਲੋਂ ਰਾਜੇਸ਼ ਕੁਮਾਰ ਲੱਕੀ ਦੀ ਅਗਵਾਈ ਹੇਠ ਆਪਣੀਆਂ ਸਮੱਸਿਆਵਾਂ ਸਬੰਧੀ ਕੌਂਸਲ ਪ੍ਰਧਾਨ ਅਤੇ ਮੌਜੂਦ ਅਧਿਕਾਰੀਆਂ ਤੋਂ ਸਵਾਲ ਪੁੱਛੇ ਗਏ। ਉਨ੍ਹਾਂ ਦੇ ਜੁਆਬ ਤੋਂ ਸੰਤੁਸ਼ਟ ਨਾ ਹੁੰਦਿਆਂ ਲੋਕਾਂ ਵੱਲੋਂ ਨਗਰ ਕੌਂਸਲ ਗੇਟ ਦੇ ਬਾਹਰ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਕੌਂਸਲਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਧਿਕਾਰੀਆਂ ਦੇ ਕਈ ਵਾਰ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ, ਪਰ ਨਗਰ ਕੌਸਲ ਪ੍ਰਸ਼ਾਸਨ ’ਤੇ ਕੋਈ ਅਸਰ ਨਹੀਂ ਹੋ ਰਿਹਾ ਹੈ।
ਭਾਵੇਂ ਨਗਰ ਕੌਂਸਲ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਕੁੱਝ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ, ਪਰ ਕੋਂਸਲਰਾਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਸ਼ਹਿਰ ਦੇ ਵਿਕਾਸ ਲਈ ਰੱਖਿਆ ਗਿਆ ਕੋਈ ਵੀ ਮਤਾ ਪਾਸ ਨਾ ਹੋ ਸਕਿਆ।
ਨਗਰ ਕੌਸਲ ਬੁਢਲਾਡਾ ਦੇ ਕਾਰਜ ਸਾਧਕ ਅਫਸਰ ਸਿਕੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ 2 ਮੀਟਿੰਗਾਂ ਸਬੰਧੀ ਕਾਰਵਾਈ ਚੱਲ ਰਹੀ ਸੀ, ਜਿਸ ਵਿੱਚ ਕੁਝ ਕੁ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੀਤ ਪ੍ਰਧਾਨ ਨਰਿੰਦਰ ਕੌਰ ਵਿਰਕ ਨੇ ਦੱਸਿਆ ਕਿ ਜਿੰਨਾ ਚਿਰ ਪਹਿਲਾਂ ਰੱਦ ਹੋਏ 19 ਵਾਰਡਾਂ ਦੇ ਮਤਿਆਂ ਨੂੰ ਦੁਬਾਰਾ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਓਨਾ ਚਿਰ ਅਗਲੇ ਮਤਿਆ ਬਾਰੇ ਕੋਈ ਸਹਿਮਤੀ ਨਹੀਂ ਕੀਤੀ ਜਾਵੇਗੀ।