ਸੀਵਰੇਜ ਦਾ ਪਾਣੀ ਭਰਨ ’ਤੇ ਮੁਹੱਲਾ ਵਾਸੀਆਂ ਨੇ ਪੱਕਾ ਮੋਰਚਾ ਲਾਇਆ
ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੁਲਾਈ
ਮੀਂਹ ਅਤੇ ਸੀਵਰੇਜ ਦਾ ਪਾਣੀ ਭਰਨ ਨਾਲ ਮੁਹੱਲਾ ਵੀਰ ਨਗਰ ਦੇ ਲੋਕ ਮੁੜ ਸੜਕਾਂ ’ਤੇ ਨਿਕਲ ਆਏ ਹਨ। ਲੋਕਾਂ ਨੇ ਅੱਜ ਦੁਪਹਿਰ ਸਮੇਂ ਪ੍ਰਸ਼ਾਸਨ ਅਤੇ ਲੋਕ ਨੁਮਾਇੰਦਿਆਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੇਲਵੇ ਫਾਟਕ ਤੇ ਵਰ੍ਹਦੇ ਮੀਂਹ ’ਚ ਪੱਕਾ ਮੋਰਚਾ ਲਗਾ ਦਿੱਤਾ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਸੀਵਰੇਜ ਦਾ ਗੰਦਾ ਪਾਣੀ ਭਰਨ ਨਾਲ ਮਾਨਸਾ ਸ਼ਹਿਰ ਨਾਲੋਂ ਵੀਰ ਨਗਰ ਮੁਹੱਲਾ ਕੱਟਿਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੁਹੱਲਾ ਵੀਰ ਨਗਰ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਧਰਨੇ ਦੌਰਾਨ ਲੋਕਾਂ ਨੇ ਦੱਸਿਆ ਕਿ ਗੰਦਾ ਪਾਣੀ ਭਰਨ ਕਰਕੇ ਇਥੋਂ ਦੇ ਲੋਕ ਦੁੱਧ, ਪਾਣੀ, ਸਬਜ਼ੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਤੋਂ ਵਾਂਝੇ ਹੋ ਗਏ ਹਨ। ਕਰੀਬ 8 ਦਿਨਾਂ ਤੋਂ ਮੁਹੱਲਾ ਵੀਰ ਨਗਰ ਵਿਚ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਕੋਈ ਸਬਜ਼ੀ ਜਾਂ ਦੁੱਧ ਵਾਲਾ ਵੀ ਉਥੇ ਨਹੀਂ ਆ ਰਿਹਾ ਅਤੇ ਸਾਰੇ ਰਾਹ ਬੰਦ ਹੋ ਚੁੱਕੇ ਹਨ।
ਧਰਨੇ ਵਿਚ ਬੋਲਦਿਆਂ ਸੀ.ਪੀ.ਆਈ ਐਮ ਦੇ ਘਨੀਸ਼ਾਮ ਨਿੱਕੂ, ਸੀ.ਪੀ.ਆਈ ਦੇ ਕ੍ਰਿਸ਼ਨ ਚੌਹਾਨ, ਸਮਾਜ ਸੇਵੀ ਜਤਿੰਦਰ ਆਗਰਾ, ਅਕਾਲੀ ਆਗੂ ਗੋਲਡੀ ਗਾਂਧੀ ਨੇ ਕਿਹਾ ਕਿ ਮੀਂਹ ਲਗਾਤਾਰ ਪੈ ਰਹੇ ਹਨ, ਪਰ ਇਸ ਦਾ ਸਭ ਤੋਂ ਵੱਡਾ ਦੁੱਖ ਅਤੇ ਨਰਕ ਮੁਹੱਲਾ ਵੀਰ ਨਗਰ ਦੇ ਲੋਕ ਭੋਗ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਹੱਲਾ ਵਸਨੀਕਾਂ ਨੂੰ ਘਰਾਂ ਵਿਚ ਪਾਣੀ ਵੜਨ ਤੋਂ ਰੋਕਣ ਲਈ ਦਰਵਾਜ਼ਿਆਂ ’ਤੇ ਬੰਨ੍ਹ ਲਗਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਢਲੀਆਂ ਜ਼ਰੂਰਤਾਂ ਤੋਂ ਇਲਾਵਾ ਇੱਥੋਂ ਦੇ ਲੋਕ ਕੰਮਾਕਾਜਾਂ ਤੋਂ ਵੀ ਵਿਹਲੇ ਹੋ ਗਏ ਅਤੇ ਪਾਣੀ ਭਰਨ ਕਰਕੇ ਇਥੋਂ ਦੇ ਲੋਕ ਨਾ ਤਾਂ ਆਪਣੀਆਂ ਦੁਕਾਨਾਂ ਖੋਲ੍ਹ ਸਕਦੇ ਹਨ ਅਤੇ ਨਾ ਹੀ ਆਪਣੇ ਹੋਰ ਕੰਮਕਾਜ ਤੇ ਜਾ ਸਕਦੇ ਹਨ, ਜਿਸ ਕਰਕੇ ਉਹ ਗੁਜਾਰੇ ਦੇ ਸੰਕਟ ਵਿਚ ਵੀ ਘਿਰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹੱਲੇ ਦੇ ਬੱਚੇ ਸਕੂਲ ਵੀ ਨਹੀਂ ਜਾ ਪਾ ਰਹੇ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਲੋਕਾਂ ਨੇ ਰੇਲਵੇ ਫਾਟਕ ਤੇ ਧਰਨਾ ਲਗਾਇਆ ਸੀ, ਪਰ ਪਾਣੀ ਦੀ ਸਮੱਸਿਆ ਦੀ ਸਾਰ ਲੈਣ ਦੀ ਬਜਾਏ ਇਹ ਮੁਸ਼ਕਲ ਹੋਰ ਵਧ ਗਈ।
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਸ਼ਹਿਰ ਵਿਚ ਮੀਂਹ ਦਾ ਭਰਿਆ ਪਾਣੀ ਕੱਢਣ ਲਈ ਨਗਰ ਕੌਂਸਲ ਲਗਾਤਾਰ ਕੰਮ ਕਰ ਰਹੀ ਹੈ ਅਤੇ ਕਰਮਚਾਰੀ ਮਸ਼ੀਨਾਂ ਅਤੇ ਪੰਪ ਰਾਹੀਂ ਪਾਣੀ ਕੱਢਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਪਾਈਪ ਲਾਈਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੋ ਜਾਵੇਗਾ।
ਉਧਰ ਇਸ ਧਰਨੇ ਕਾਰਨ ਸ਼ਹਿਰ ਵਿਚ ਟਰੈਫਿਕ ਸਮੱਸਿਆ ਵੀ ਖੜ੍ਹੀ ਹੋ ਗਈ ਹੈ। ਅੰਡਰ ਬ੍ਰਿਜ, ਮੁਹੱਲਾ ਵੀਰ ਨਗਰ ਅਤੇ ਹੋਰ ਥਾਵਾਂ ’ਤੇ ਮੀਂਹ ਅਤੇ ਸੀਵਰੇਜ ਦਾ ਪਾਣੀ ਭਰਨ ਨਾਲ ਸ਼ਹਿਰ ਦਾ ਟਰੈਫਿਕ ਵੀ ਗੰਭੀਰ ਹੋ ਗਿਆ ਹੈ। ਟਰੈਫਿਕ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਾਇਆ ਜਾ ਰਿਹਾ ਹੈ। ਪਾਣੀ ਨਿਕਾਸੀ ਨਾ ਹੋਣ ਦੀ ਸਮੱਸਿਆ ਕਾਰਨ ਰੇਲਵੇ ਫਾਟਕ, ਚਕੇਰੀਆਂ ਰੋਡ, ਸਿਨੇਮਾ ਰੋਡ ਆਦਿ ਥਾਵਾਂ ਤੇ ਟਰੈਫਿਕ ਦਾ ਭੀੜ ਭੜੱਕਾ ਆਮ ਬਣਿਆ ਹੋਇਆ ਹੈ। ਲੋਕਾਂ ਨੂੰ ਬਜ਼ਾਰ ਵਿਚ ਆਉਣਾ ਜਾਣਾ ਵੀ ਔਖਾ ਹੋ ਰਿਹਾ ਹੈ ਅਤੇ ਟਰੈਫਿਕ ਦੀ ਭਰਮਾਰ ਹੋਣ ਕਰਕੇ ਲੋਕ ਬਜ਼ਾਰ ਵਿਚ ਜਾਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ।