ਇੱਥੋਂ ਦੀ ਗਣੇਸ਼ ਨਗਰ ਦੇ ਵਸਨੀਕ ਸੀਵਰੇਜ ਦੀ ਬਦਤਰ ਨਿਕਾਸੀ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇੱਕ ਗਊਸ਼ਾਲਾ ਦੀ ਕਥਿਤ ਗੰਦਗੀ ਸੀਵਰੇਜ ਦੇ ਵਹਾਅ ’ਚ ਅੜਚਨ ਪੈਦਾ ਕਰ ਰਹੀ ਹੈ। ਡਾ. ਮੇਹਰ ਚੰਦ ਕਟਾਰੀਆ ਅਤੇ ਹੋਰ ਬਹੁਤ ਸਾਰੇ ਬਾਸ਼ਿੰਦਿਆਂ ਨੇ ਦੱਸਿਆ ਕਿ ਗਣੇਸ਼ ਨਗਰ ਦੇ ਬੱਸ ਸਟੈਂਡ ਨੇੜਲੀਆਂ ਗਲੀਆਂ ਦੇ ਘਰਾਂ ਵਿੱਚ ਮੀਂਹ ਦੇ ਦਿਨਾਂ ਦੌਰਾਨ ਸਥਿਤ ਬਦ ਤੋਂ ਬਦਤਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਪ੍ਰਬੰਧਕ ਗਊਆਂ ਦੇ ਮਲ-ਮੂਤਰ ਸਮੇਤ ਬਚੇ-ਖੁਚੇ ਚਾਰੇ ਨੂੰ ਸੀਵਰੇਜ ਵਿੱਚ ਰੋੜ੍ਹ ਦਿੰਦੇ ਹਨ, ਜਿਸ ਕਾਰਨ ਪਾਣੀ ਦਾ ਨਿਕਾਸ ਰੁਕ ਜਾਂਦਾ ਹੈ ਅਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਉਦੋਂ ਹੋਰ ਵੀ ਭਿਆਨਕ ਹੋ ਜਾਂਦੀ ਹੈ, ਜਦੋਂ ਗਊਸ਼ਾਲਾ ਵੱਲੋਂ ਸੀਵਰੇਜ ’ਚ ਰੋੜ੍ਹਿਆ ਜਾਂਦਾ ਮਲ-ਮੂਤਰ ਸੀਵਰੇਜ ਦੇ ਓਵਰ ਫ਼ਲੋਅ ਹੋਣ ਕਰਕੇ ਘਰਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।
ਉਨ੍ਹਾਂ ਆਖਿਆ ਕਿ ਅਜਿਹੀ ਹਾਲਤ ’ਚ ਉੱਭਰਦੀ ਬਦਬੂ ਕਾਰਣ ਲੋਕਾਂ ਦਾ ਘਰਾਂ ’ਚ ਰਹਿਣਾ ਦੁੱਭਰ ਹੋ ਜਾਂਦਾ ਹੈ। ਗਣੇਸ਼ ਨਗਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਊਸ਼ਾਲਾ ਦੇ ਪ੍ਰਬੰਧਕਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਕੇ ਨਗਰ ਦੇ ਬਾਸ਼ਿੰਦਿਆਂ ਨੂੰ ਰਾਹਤ ਦੁਆਈ ਜਾਵੇ।