ਹੜ੍ਹ: ਪੀੜਤ ਪਰਿਵਾਰਾਂ ਤੱਕ ਨਹੀਂ ਪੁੱਜ ਰਹੀ ਰਾਹਤ ਸਮੱਗਰੀ
ਇਥੋਂ ਨੇੜਲੇ ਪਿੰਡ ਫੱਤੇ ਵਾਲਾ, ਬੰਡਾਲਾ, ਨਿਹਾਲਾ ਲਵੇਰਾ, ਕੁਤਬਦੀਨ ਵਾਲੀ, ਮੁੱਠਿਆਂ ਵਾਲਾ, ਬਾਣਾਂ ਵਾਲੀ, ਬਸਤੀ ਦੂਲਾ ਸਿੰਘ ਅਤੇ ਹਾਮਦ ਚੱਕ ਸਣੇ ਕਈ ਪਿੰਡ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਏ ਹੜ੍ਹਾਂ ਦੀ ਮਾਰ ਹੇਠ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਦਿਨ ਤੋਂ ਇਲਾਕੇ ਵਿੱਚ ਹੜ੍ਹ ਦਾ ਪਾਣੀ ਭਰਿਆ ਹੈ ਉਸ ਦਿਨ ਤੋਂ ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਹੜ੍ਹ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਅਤੇ ਘਰਾਂ ’ਚ ਸਾਮਾਨ ਚੋਰੀ ਦੇ ਡਰੋਂ ਉਹ ਆਪਣੇ ਘਰ-ਬਾਰ ਛੱਡ ਕੇ ਨਹੀਂ ਜਾ ਰਹੇ। ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਉਹ ਆਪਣੇ ਪਸ਼ੂਆਂ ਦੀ ਵੀ ਸਾਂਭ ਸੰਭਾਲ ਕਰ ਰਹੇ ਹਨ।
ਬੋਹੜ ਸਿੰਘ ਅਤੇ ਰਸਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਸ਼ੂਆਂ ਲਈ ਹਰਾ ਚਾਰਾ, ਫੀਡ, ਦਾਣਾ, ਚੋਕਰ ਜਾਂ ਆਚਾਰ ਅਤੇ ਇਸ ਤੋਂ ਇਲਾਵਾ ਘਰ ਦਾ ਰਾਸ਼ਨ ਖਾਣ-ਪੀਣ ਦੀਆਂ ਹੋਰ ਵਸਤੂਆਂ ਜੋ ਭੇਜੀਆਂ ਜਾਂਦੀਆਂ ਹਨ, ਉਹ ਸਹੀ ਲੋੜਵੰਦਾਂ ਤੱਕ ਨਹੀਂ ਪਹੁੰਚ ਰਹੀਆਂ।
ਕੁੱਝ ਲੋਕਾਂ ਮੁਤਾਬਕ ਪਾਣੀ ਵਿੱਚ ਘਿਰੇ ਪਰਿਵਾਰਾਂ ਤੋਂ ਇਲਾਵਾ ਕੁੱਝ ਹੋਰ ਲੋਕ ਜੋ ਬੰਨ੍ਹ ’ਤੇ ਆ ਕੇ ਬੈਠ ਜਾਂਦੇ ਹਨ ਅਤੇ ਰਾਹਤ ਸਮੱਗਰੀ ਲੈ ਕੇ ਆਪਣੇ ਘਰਾਂ ਵਿੱਚ ਇਕੱਠੀ ਕਰ ਰਹੇ ਹਨ, ਜਦੋਂ ਕਿ ਹੜ੍ਹ ਪੀੜਤ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ।
ਲੋਕਾਂ ਨੇ ਮੰਗ ਕੀਤੀ ਕਿ ਕਿਸ਼ਤੀਆਂ ਰਾਹੀਂ ਘਰ-ਘਰ ਜਾ ਕੇ ਲੋੜਵੰਦਾਂ ਨੂੰ ਰਾਹਤ ਸਮੱਗਰੀ ਵੰਡੀ ਜਾਵੇ ਤਾਂ ਕਿ ਹੜ੍ਹ ਪੀੜਤਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਇਥੋਂ ਨੇੜਲੀ ਬਸਤੀ ਦੂਲਾ ਸਿੰਘ ਵਾਲੀ ਵਿੱਚ ਹੜ੍ਹ ਦੇ ਪਾਣੀ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਕੰਧ ਡਿੱਗ ਪਈ ਅਤੇ ਮਕਾਨ ਨੂੰ ਤਰੇੜਾਂ ਆ ਗਈਆਂ, ਜਿਸ ਕਾਰਨ ਮਕਾਨ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਗਰੀਬ ਪਰਿਵਾਰ ਪੂਰੀ ਤਰ੍ਹਾਂ ਚਿੰਤਾ ਵਿੱਚ ਡੁੱਬਿਆ ਹੋਇਆ ਹੈ।