ਇੱਥੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਬਾਦਲ ਵਿੱਚ ਸਾਲ ’ਚ 2001 ਵਿੱਚ ਸਥਾਪਤ ਕੀਤੀ ਆਈਟੀਆਈ ਨੂੰ ਪੰਜਾਬ ਮੰਤਰੀ ਮੰਡਲ ਵੱਲੋਂ ਖਿਓਵਾਲੀ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਦਾ ਪਿੰਡ ਬਾਦਲ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਤਿੱਖਾ ਵਿਰੋਧ ਜਤਾਇਆ ਹੈ। ਸਰਕਾਰ ਵੱਲੋਂ ਅਮਲੇ ਨੂੰ ਖਿਓਵਾਲੀ ਤੁਰੰਤ ਭੇਜਣ ਦੇ ਹੁਕਮ ਮਗਰੋਂ ਮਾਮਲਾ ਭਖਿਆ ਹੈ। ਪੰਚਾਇਤ ਨੇ ਸਰਕਾਰ ਨੂੰ ਪੱਤਰ ਲਿਖ ਕੇ ਆਈਟੀਆਈ ਬਾਦਲ ਦਾ ਖਿਓਵਾਲੀ ਤਬਾਦਲਾ ਰੱਦ ਕਰਨ ਦੀ ਮੰਗ ਕੀਤੀ ਹੈ। ਪੰਚਾਇਤ ਬਾਦਲ ਦੇ ਮੁਤਾਬਕ ਸਾਲ 2015 ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਬਣਾਈ ਗਈ ਆਈਟੀਆਈ ਬਾਦਲ ਕੋਲ ਤਿੰਨ ਮੰਜ਼ਿਲਾ ਇਮਾਰਤ, ਮਸ਼ੀਨਰੀ ਤੇ ਸਾਰੀਆਂ ਸਹੂਲਤਾਂ ਹਨ। ਇਹ ਸੰਸਥਾ ਨੈਸ਼ਨਲ ਕਿੱਤਾਮੁਖੀ ਸਿਖਲਾਈ ਪ੍ਰੀਸ਼ਦ (ਐੱਨਸੀਵੀਟੀ) ਤੋਂ ਮਨਜ਼ੂਰਸ਼ੁਦਾ ਹੈ ਅਤੇ ਇਲੈਕਟ੍ਰੀਸ਼ਨ, ਪਲੰਬਰ, ਵੈਲਡਰ ਤੇ ਕੋਪਾ ਦੇ ਚਾਰ ਕੋਰਸ ਚਲਾਉਂਦੀ ਹੈੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਇਹ ਤਬਦੀਲੀ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ, ਐਨੱਸੀਵੀਟੀ ਮਾਨਤਾ ਕਰਨ ਲਈ ਲੰਮਾ ਸੰਘਰਸ਼ ਕੀਤਾ ਗਿਆ ਸੀ। ਵਿਭਾਗੀ ਸੂਤਰਾਂ ਅਨੁਸਾਰ ਆਈਟੀ ਬਾਦਲ ਵਿਚ ਨਿਯਮ ਦਰਕਿਨਾਰ ਕਰਕੇ ਮਨਮਰਜ਼ੀ ਨਾਲ ਬਿਨਾਂ ਕਾਰਨ ਡੀ-ਗਰੇਡ ਤੇ ਨਾਜਾਇਜ਼ ਪਦ-ਉੱਨਤ ਕੀਤੇ ਮੁਲਜ਼ਮਾਂ ਸਬੰਧੀ ਹਾਈ ਕੋਰਟ ਵਿਚ ਵਿਚਾਰਾਧੀਨ ਤਿੰਨ ਕੇਸ ਚੱਲ ਰਹੇ ਹਨ। ਦੱਸਿਆ ਜਾਂਦਾ ਹੈ ਕਿ ਅਦਾਲਤੀ ਮਾਣਹਾਨੀ ਸਬੰਧੀ ਕੇਸ ’ਚ 2 ਸਤੰਬਰ 2025 ਨੂੰ ਆਗਾਮੀ ਪੇਸ਼ੀ ਹੈ। ਨਿਯਮ ਅਨੁਸਾਰ, ਆਈਟੀਆਈ ਦੀ ਮਾਨਤਾ ਬਿਲਡਿੰਗ ਆਧਾਰਿਤ ਹੁੰਦੀ ਹੈ, ਇਸ ਲਈ ਸਥਾਨ ਬਦਲਣ ਨਾਲ ਕੌਮੀ ਮਾਨਤਾ ਖ਼ਤਮ ਹੋ ਕੇ ਸਿਰਫ਼ ਸੂਬਾ ਪੱਧਰ (ਐਸਸੀਵੀਟੀ) ਤੱਕ ਸੀਮਤ ਹੋ ਸਕਦੀ ਹੈ। ਇਸ ਤਬਦੀਲੀ ਤਹਿਤ 37 ਵਿੱਚੋਂ 21 ਕਰਮਚਾਰੀਆਂ ਦੀਆਂ ਅਸਾਮੀਆਂ ਖਿਓਵਾਲੀ ਭੇਜੀਆਂ ਗਈਆਂ ਹਨ। ਆਈਟੀਆਈ ਬਾਦਲ ’ਚ ਇਸ ਵੇਲੇ 21 ਵਿਦਿਆਰਥੀਆਂ ਦਾ ਦੋ ਸਾਲਾ ਇਲੈਕਟ੍ਰੀਸ਼ਨ ਕੋਰਸ ਅੱਧ ਵਿਚਕਾਰ ਹੈ, ਜੋ ਤਬਦੀਲੀ ਮਗਰੋਂ ਐਸਸੀਵੀਟੀ ਵਿੱਚ ਬਦਲ ਜਾਵੇਗਾ। ਹੈਰਾਨੀਜਨਕ ਹੈ ਕਿ ਵਜੂਦ ਮੁੱਕਣ ਦੇ ਬਾਵਜੂਦ ਵੀ ਸਰਕਾਰੀ ਵੈੱਬ ਪੋਰਟਲ ‘ਇ-ਅਕਾਦਮੀਕ.ਇਨ’ ’ਤੇ ਦਾਖ਼ਲੇ ਜਾਰੀ ਹਨ। ਦੂਜੇ ਪਾਸੇ, ਆਈਟੀਆਈ ਖਿਓਵਾਲੀ ਵਿੱਚ ਐਨਸੀਵੀਟੀ ਮਨਜ਼ੂਰਸ਼ੁਦਾ ਛੇ ਕੋਰਸ ਹਨ, ਜਿਨ੍ਹਾਂ ਵਿਚ ਕਟਾਈ-ਸਿਲਾਈ, ਫੈਸ਼ਨ ਡਿਜ਼ਾਈਨਿੰਗ, ਕਢਾਈ, ਇਲੈਕਟ੍ਰੋਨਿਕਸ ਮਕੈਨਿਕ, ਖਪਤਕਾਰ ਇਲੈਕਟ੍ਰੋਨਿਕਸ ਅਤੇ ਡ੍ਰਾਫਟਮੈਨ ਸਿਵਲ ਸ਼ਾਮਲ ਹਨ।
ਦੋਵੇਂ ਅਦਾਰਿਆਂ ਬਾਰੇ ਕੋਈ ਆਗਾਮੀ ਨਿਰਦੇਸ਼ ਨਹੀਂ: ਪ੍ਰਿੰਸੀਪਲ
ਆਈਟੀਆਈ ਖਿਓਵਾਲੀ ਦੇ ਪ੍ਰਿੰਸੀਪਲ ਪੁਨੀਤਾ ਗੋਇਲ ਨੇ ਕਿਹਾ ਕਿ ਨੋਟੀਫਿਕੇਸ਼ਨ ਮਗਰੋਂ ਸਰਕਾਰੀ ਨਿਰਦੇਸ਼ਾਂ ਤੇ 20 ਮੁਲਾਜ਼ਮਾਂ ਨੇ ਇਥੇ ਜੁਆਇਨ ਕਰ ਲਿਆ ਹੈ, ਅਜੇ ਦੋਵੇਂ ਆਈਟੀਆਈਜ਼ ਬਾਰੇ ਕੋਈ ਆਗਾਮੀ ਦਿਸ਼ਾ ਨਿਰਦੇਸ਼ ਨਹੀਂ ਹਨ। ਬਾਦਲ ਆਈਟੀਆਈ ਲਈ ਵੀ ਆਨਲਾਈਨ ਦਾਖਲੇ ਜਾਰੀ ਹਨ।
ਭੰਬਲਭੂਸਾ ਬਰਕਰਾਰ: ਦੋਵੇਂ ਆਈਟੀਆਈ ਇੱਕ-ਮਿੱਕ ਚੱਲਣਗੀਆਂ ਜਾਂ ਵੱਖ-ਵੱਖ
ਮੰਤਰੀ ਮੰਡਲ ਦੇ ਫ਼ੈਸਲੇ ਦੇ ਬਾਵਜੂਦ ਇਹ ਭੰਬਲਭੂਸਾ ਬਰਕਰਾਰ ਹੈ ਕਿ ਖਿਓਵਾਲੀ ਵਿੱਚ ਆਈਟੀਆਈ ਇੱਕੋ ਕੰਪਲੈਕਸ ਵਿੱਚ ਵੱਖ-ਵੱਖ ਚਲਣਗੀਆਂ ਜਾਂ ਇੱਕੋ ਮੈਨੇਜਮੈਂਟ ਅਧੀਨ ਹੋਣਗੀਆਂ। ਦੋਵੇਂ ਅਦਾਰਿਆਂ ਦੇ ਵੱਖ-ਵੱਖ ਪ੍ਰਿੰਸੀਪਲ ਬਕਾਇਦਾ ਤੌਰ ’ਤੇ ਹਨ।