ਏਲਨਾਬਾਦ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ
ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਪ੍ਰਦਾਨ ਕਰਨ ਲਈ ਏਲਨਾਬਾਦ ਦੇ ਮੁਮੇਰਾ ਰੋਡ ’ਤੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਅੱਜ 8 ਟਰੈਕਟਰ ਟਰਾਲੀਆਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਹੋਈਆਂ। ਗੁਰਦੁਆਰਾ ਬਾਬਾ ਦੀਪ ਸਿੰਘ ਦੇ ਮੁੱਖ ਪ੍ਰਬੰਧਕ ਬਾਬਾ ਆਤਮਾ ਸਿੰਘ, ਡਾ. ਮਦਨ ਜੈਨ, ਜੈ ਧੁੰਨਾ ਨੇ ਕਿਹਾ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹ ਕਾਰਨ ਲੋਕਾਂ ਦਾ ਬਹੁਤ ਵਿੱਤੀ ਨੁਕਸਾਨ ਹੋਇਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਏਲਨਾਬਾਦ ਇਲਾਕੇ ਦੇ ਲੋਕਾਂ, ਸਮਾਜਸੇਵੀ ਅਤੇ ਧਾਰਮਿਕ ਸੰਗਠਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਇਲਾਕੇ ਦੇ ਲੋਕਾਂ ਦੀ ਮਦਦ ਨਾਲ 313 ਰਾਸ਼ਨ ਕਿੱਟਾਂ ਤਿਆਰ ਕਰਕੇ ਅੱਜ ਏਲਨਾਬਾਦ ਤੋਂ 8 ਟਰੈਕਟਰ ਟਰਾਲੀਆਂ ਰਾਹੀ ਪੰਜਾਬ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤੀਆ ਗਈਆ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਲੀਆਂ ਵਿੱਚ ਪਸ਼ੂਆਂ ਲਈ ਸੁੱਕਾ ਚਾਰਾ ਵੀ ਲਿਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰੇਕ ਪਰਿਵਾਰ ਲਈ ਇੱਕ ਮਹੀਨੇ ਦੀ ਰਾਸ਼ਨ ਕਿੱਟ ਵੀ ਤਿਆਰ ਕੀਤੀ ਗਈ ਹੈ। ਕੁੱਲ 313 ਰਾਸ਼ਨ ਕਿੱਟਾਂ ਤਿਆਰ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਉਣ ਦਾ ਕੰਮ ਲੋਕਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ।