ਰਾਣੀਆ ਖੇਤਰ ਵਿੱਚ ਅੱਜ ਪਏ ਮੀਂਹ ਨਾਲ ਸ਼ਹਿਰ ਵਿੱਚ ਹਾਲਾਤ ਵਿਗੜ ਗਏ। ਦੁਪਹਿਰ ਬਾਅਦ ਪਏ ਮੀਂਹ ਨਾਲ ਸ਼ਹਿਰ ਦੇ ਬੱਸ ਸਟੈਂਡ, ਮੁੱਖ ਬਾਜ਼ਾਰ, ਨਕੌੜਾ ਬਾਜ਼ਾਰ, ਜੀਵਨ ਨਗਰ ਰੋਡ, ਬੀਡੀਪੀਓ ਦਫ਼ਤਰ, ਅਨਾਜ ਮੰਡੀ ਆਦਿ ਖੇਤਰ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਕਈ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ, ਜਿਸ ਨਾਲ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਵੀ ਹੋ ਗਿਆ।
ਦੁਕਾਨਦਾਰਾਂ ਨੇ ਕਿਹਾ ਸ਼ਹਿਰ ਦੇ ਨੀਂਵੇ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਹਰ ਵਾਰ ਸਾਹਮਣੇ ਆਉਂਦੀ ਹੈ ਅਤੇ ਸ਼ਹਿਰ ਦੇ ਲੋਕ ਇੱਥੇ ਪਾਣੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਲੰਬੇ ਸਮੇਂ ਤੋਂ ਕਰ ਰਹੇ ਹਨ ਪਰ ਨਗਰ ਪਾਿਲਕਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ, ਜਿਸ ਕਾਰਨ ਮੀਂਹ ਦੇ ਮੌਸਮ ਵਿੱਚ ਦੁਕਾਨਦਾਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਸ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਭਾਰੀ ਫਾਇਦਾ ਮਿਲੇਗਾ ਪਰ ਨਰਮੇ, ਕਪਾਹ ਅਤੇ ਸਬਜ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ।