ਪਰਾਲੀ ਸਮੇਟਣ ’ਚ ਪ੍ਰਸ਼ਾਸਨ ਦੀ ਸੁਸਤੀ ਖ਼ਿਲਾਫ਼ ਰੈਲੀ
ਕਿਸਾਨ ਆਗੂਆਂ ਨੇ ਸਰਕਾਰ ’ਤੇ ਪਰਾਲੀ ਦੇ ਪ੍ਰਬੰਧਨ ’ਚ ਪੂਰੀ ਤਰ੍ਹਾਂ ਨਾਕਾਮ ਰਹਿਣ ਦੇ ਦੋਸ਼ ਲਾਏ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਨ ਪਰਾਲੀ ਸਮੇਟਣ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਸੁਸਤੀ ਖ਼ਿਲਾਫ਼ ਅੱਜ ਮਾਨਸਾ ਨੇੜਲੇ ਪਿੰਡ ਖਿਆਲਾ ਖੁਰਦ ਅਤੇ ਬੁਰਜ ਹਰੀ ਵਿੱਚ ਰੈਲੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਪ੍ਰਸ਼ਾਸਨ ਕੋਲ ਪੂਰਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਦੋਸ਼ ਠਹਿਰਾ ਕੇ ਕੇਸ ਪਾਏ ਜਾ ਰਹੇ ਹਨ।
ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਰਿਪੋਰਟਾਂ ਅਨੁਸਾਰ 92 ਫ਼ੀਸਦੀ ਤੋਂ ਵੱਧ ਪ੍ਰਦੂਸ਼ਣ ਕਰਨ ਵਾਲੇ ਕਾਰਖਾਨੇ ਅਤੇ ਵਾਹਨਾਂ ਨੂੰ ਸੁਪਰੀਮ ਕੋਰਟ ਅਤੇ ਸਰਕਾਰ, ਦੋਸ਼ੀ ਨਹੀਂ ਮੰਨਦੀ, ਬਲਕਿ 4 ਤੋਂ 8 ਫ਼ੀਸਦ ਤੱਕ ਪ੍ਰਦੂਸ਼ਣ ਕਰਨ ਵਾਲੇ ਕਿਸਾਨਾਂ ਨੂੰ ਜਾਣ-ਬੁੱਝ ਕੇ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜੋ ਕਿ ਤਰਕਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਲਗਾਤਾਰ ਵਾਇਰਸ ਅਤੇ ਮੌਸਮ ਦੀ ਤਬਦੀਲੀ ਕਾਰਨ ਝਾੜ ਘਟਣ ਸਬੰਧੀ ਸਰਕਾਰ ਨੇ ਕੋਈ ਵਿਸ਼ੇਸ ਗਿਰਦਾਵਰੀ ਦੇ ਆਰਡਰ ਨਹੀਂ ਕੀਤੇ। ਇਸ ਤਰ੍ਹਾਂ ਤਕਰੀਬਨ 50 ਹਜ਼ਾਰ ਟਨ ਝੋਨੇ ਦੀ ਕਟੌਤੀ ਦੀ ਕਿਸਾਨਾਂ ਸਿਰ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਰਾਲੀ ਦੇ ਪ੍ਰਬੰਧਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਪਰ ਹੁਣ ਲੋਕਾਂ ਅੱਗੇ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਮੇਟਣ ਲਈ ਥੋੜੀ ਰਾਹਤ ਦਿੱਤੀ ਜਾਵੇ ਤਾਂ ਜੋ ਸਮਾਂ ਰਹਿੰਦੇ ਕਿਸਾਨ ਆਪਣੀ ਅਗਲੀ ਫਸਲ ਦੀ ਬਿਜਾਈ ਕਰ ਸਕਣ।
ਇਸ ਮੌਕੇ ਲਖਵੀਰ ਸਿੰਘ ਅਕਲੀਆ, ਬਲਜੀਤ ਸਿੰਘ ਭੈਣੀਬਾਘਾ, ਵਰਿਆਮ ਸਿੰਘ, ਗੁਰਸੇਵਕ ਸਿੰਘ ਖਿਆਲਾ ਕਲਾਂ, ਜੀਤ ਸਿੰਘ ਆਦਿ ਹਾਜ਼ਰ ਸਨ।
ਡੀ ਸੀ ਦੀ ਘੁਰਕੀ ਮਗਰੋਂ ਅਧਿਕਾਰੀ ਖੇਤਾਂ ’ਚ ਜਾਣ ਲੱਗੇ
ਮਾਨਸਾ: ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਘੁਰਕੀ ਮਗਰੋਂ ਖੇਤੀ ਅਧਿਕਾਰੀ ਖੇਤਾਂ ਵਿੱਚ ਜਾ ਕੇ ਪਰਾਲੀ ਨਾ ਸਾੜਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲੱਗੇ ਹਨ। ਡੀ ਸੀ ਨੇ ਖੇਤੀ ਅਧਿਕਾਰੀ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਚੱਲ ਰਹੀ ਵਿਸ਼ੇਸ਼ ਮੁਹਿੰਮ ਅਧੀਨ ਕਲੱਸਟਰ ਅਫ਼ਸਰ, ਕਲੱਸਟਰ ਇੰਚਾਰਜ ਅਤੇ ਨੋਡਲ ਅਫ਼ਸਰਾਂ ਆਪੋ-ਆਪਣੇ ਡਿਊਟੀ ਸਥਾਨ ’ਤੇ ਰਹਿ ਕੇ ਕਿਸਾਨਾਂ ਦੀ ਵੱਧ ਤੋਂ ਵੱਧ ਪਰਾਲੀ ਸਮੇਟਣ ਵਿੱਚ ਮਦਦ ਕਰਨ ਦੀ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਾਨਸਾ ਮੁੱਖ ਖੇਤੀਬਾੜੀ ਅਫ਼ਸਰ, ਹਰਵਿੰਦਰ ਸਿੰਘ ਨੇ ਪਿੰਡ ਖਿਆਲਾਂ ਕਲਾਂ, ਝੁਨੀਰ, ਸਾਹਨੇਵਾਲੀ, ਨੰਗਲ ਕਲਾਂ ਪਿੰਡਾ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਖਿਆਲਾ ਕਲਾਂ ਦੇ ਕਿਸਾਨ ਬਿੱਕਰ ਸਿੰਘ ਦੀ ਅੱਠ ਏਕੜ ਵਿੱਚ ਝੋਨੇ ਦੀ ਵਾਢੀ ਐੱਸ ਐੱਮ ਐੱਸ ਵਾਲੀ ਕੰਬਾਈਨ ਨਾਲ ਕਰਵਾਕੇ ਹੈਪੀ ਸੀਡਰ ਮਸ਼ੀਨ ਨਾਲ ਖੜ੍ਹੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕਰਵਾਈ। ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਮੌਕੇ ’ਤੇ ਮੋਜੂਦ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਕੇ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਨਾਲ, ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉੱਥੇ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ।

