ਰਾਜਿੰਦਰ ਗੁਪਤਾ ਨੇ ਹਵਾਈ ਅੱਡਾ ਚਾਲੂ ਕਰਨ ਦਾ ਮੁੱਦਾ ਚੁੱਕਿਆ
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਲੁਧਿਆਣਾ ਦੇ ਹਲਵਾਰਾ ਸਥਿਤ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਏਅਰਪੋਰਟ ਨੂੰ ਬਿਨਾਂ ਹੋਰ ਦੇਰੀ ਤੁਰੰਤ ਕਾਰਜਸ਼ੀਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਏਅਰਪੋਰਟ ਦਾ ਕੰਮ ਲੰਮੇ...
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਲੁਧਿਆਣਾ ਦੇ ਹਲਵਾਰਾ ਸਥਿਤ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਏਅਰਪੋਰਟ ਨੂੰ ਬਿਨਾਂ ਹੋਰ ਦੇਰੀ ਤੁਰੰਤ ਕਾਰਜਸ਼ੀਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਏਅਰਪੋਰਟ ਦਾ ਕੰਮ ਲੰਮੇ ਸਮੇਂ ਤੋਂ ਰੁਕਿਆ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਉਦਯੋਗਿਕ ਖੇਤਰ ਲੁਧਿਆਣਾ ਅਤੇ ਮਾਲਵਾ ਬੈਲਟ ਦੀ ਆਰਥਿਕ ਤਰੱਕੀ ਪ੍ਰਭਾਵਿਤ ਹੋ ਰਹੀ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਲੁਧਿਆਣਾ ਭਾਰਤ ਦੇ ਕੁੱਲ ਉਦਯੋਗਿਕ ਉਤਪਾਦਨ ਵਿੱਚ 72 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ ਅਤੇ ਇੱਥੇ 1.5 ਲੱਖ ਤੋਂ ਜ਼ਿਆਦਾ ਐੱਮ ਐੱਸ ਐੱਮ ਈ ਇਕਾਈਆਂ ਮੌਜੂਦ ਹਨ, ਜੋ ਦੇਸ਼ ਦੇ ਸਭ ਤੋਂ ਸੰਘਣੇ ਉਦਯੋਗਿਕ ਕੇਂਦਰਾਂ ਵਿੱਚੋਂ ਇੱਕ ਹੈ। ਇੰਨੇ ਵੱਡੇ ਆਰਥਿਕ ਮਾਪ-ਦੰਡ ਦੇ ਬਾਵਜੂਦ, ਇਸ ਇਲਾਕੇ ਵਿੱਚ ਹਾਲੇ ਤੱਕ ਕੋਈ ਵਪਾਰਕ ਹਵਾਈ ਅੱਡਾ ਚਾਲੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਏਅਰਪੋਰਟ ਹਰ ਦਿਨ 2,500 ਤੋਂ ਵੱਧ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਅਤੇ ਪਹਿਲੇ ਹੀ ਦਿਨ ਤੋਂ ਰੋਜ਼ 10 ਤੋਂ 12 ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਲੁਧਿਆਣਾ ਸਿੱਧੇ ਤੌਰ ’ਤੇ ਨਵੀਂ ਦਿੱਲੀ, ਮੁੰਬਈ, ਚੇਨਈ, ਬੰਗਲੁਰੂ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਵਰਗੇ ਵੱਡੇ ਆਰਥਿਕ ਕੇਂਦਰਾਂ ਨਾਲ ਜੁੜ ਸਕਦਾ ਹੈ। ਰਾਜਿੰਦਰ ਗੁਪਤਾ ਨੇ ਹਲਵਾਰਾ ਏਅਰਪੋਰਟ ਦੇ ਚਾਲੂ ਹੋਣ ਦੇ ਫ਼ਾਇਦੇ ਵੀ ਗਿਣਵਾਏ।

