ਕੋਟਕਪੂਰਾ ’ਚੋਂ ਚਾਰ ਦਿਨ ਬਾਅਦ ਵੀ ਨਾ ਉਤਰਿਆ ਮੀਂਹ ਦਾ ਪਾਣੀ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 13 ਜੁਲਾਈ
ਇਲਾਕੇ ਵਿੱਚ ਪਿਛਲੇ ਹਫ਼ਤੇ ਰੁਕ-ਰੁਕ ਹੋਈ ਬਾਰਿਸ਼ ਕਰ ਕੇ ਕੋਟਕਪੂਰਾ ਸ਼ਹਿਰ ਦੀਆਂ ਗਲੀਆਂ ਝੀਲਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਅਤੇ ਕਈ ਮੁਹੱਲਿਆਂ ਵਿੱਚ ਤਾਂ ਨਾਲੀਆਂ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ। ਬਾਰਿਸ਼ ਬੰਦ ਹੋਈ ਨੂੰ 4 ਦਿਨ ਬੀਤਣ ਤੋਂ ਬਾਲਦ ਵੀ ਹਾਲੇ ਤੱਕ ਘਰਾਂ ਅਤੇ ਗਲੀਆਂ ਵਿਚੋਂ ਗੰਦੇ ਪਾਣੀ ਦੀ ਬਦਬੂ ਆ ਰਹੀ ਹੈ। ਘਰਾਂ ਦੀ ਇਸ ਸਥਿਤੀ ਤੋਂ ਦੁਖੀ ਹੋਏ ਲੋਕ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ।
ਦਵਿੰਦਰ ਕੁਮਾਰ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਥੋਂ ਦੀ ਗਾਂਧੀ ਬਸਤੀ, ਕ੍ਰਿਸ਼ਨਾ ਬਸਤੀ, ਜੌੜੀਆਂ ਚੱਕੀਆਂ, ਕੋੜਿਆਂ ਵਾਲਾ ਚੌਕ ਸਮੇਤ ਪੁਰਾਣਾ ਸ਼ਹਿਰ ਬਾਰਿਸ਼ ਦੇ ਕੁਝ ਮਿੰਟਾਂ ਬਾਦ ਹੀ ਜਲਥਲ ਹੋ ਜਾਂਦਾ ਹੈ ਅਤੇ ਗਲੀਆਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਸਤੀਆਂ ਦੀਆਂ ਨਾਲੀਆਂ ਅਤੇ ਸੀਵਰੇਜ ਓਵਰਫਲੋ ਹੋ ਕੇ ਪਾਣੀ ਘਰਾਂ ਅੰਦਰ ਵੀ ਦਾਖਲ ਹੋ ਜਾਂਦਾ। ਰਾਜੀਵ ਕੁਮਾਰ ਨੇ ਦੱਸਿਆ ਕਿ ਵਿਸ਼ਵਕਰਮਾ ਧਰਮਸ਼ਾਲਾ ਤੋਂ ਮੋਗਾ ਰੋਡ ਤੱਕ ਸਾਰਾ ਖੇਤਰ ਹੀ ਇਨਾ ਦਿਨਾਂ ਵਿੱਚ ਛੱਪੜ ਵਾਂਗੂ ਲੱਗਦਾ ਹੈ ਕਿਉਂਕਿ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਗਲੀਆਂ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰੀ ਤਾਂ ਹਾਲਾਤ ਕੁਝ ਜ਼ਿਆਦਾ ਖ਼ਰਾਬ ਹਨ ਅਤੇ ਬਹੁਤੀਆਂ ਗਲੀਆਂ ਝੀਲਾਂ ਦਾ ਰੂਪ ਧਾਰ ਚੁੱਕੀਆਂ। ਉਨ੍ਹਾਂ ਦੱਸਿਆ ਕਿ ਚਾਰ ਦਿਨ ਪਹਿਲਾਂ ਹੋਈ ਬਾਰਿਸ਼ ਦਾ ਪਾਣੀ ਕਈ ਗਲੀਆਂ ਵਿਚੋਂ ਹਾਲੇ ਤੱਕ ਨਹੀਂ ਨਿਕਲਿਆ ਅਤੇ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ, ਪਰ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਨਿਕਾਸੀ ਪਾਣੀ ਤੋਂ ਨਿਜਾਤ ਦਿਵਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ।
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਨਿਕਾਸੀ ਪਾਣੀ ਦੀ ਸਮੱਸਿਆ ਕਾਫੀ ਪੁਰਾਣੀ ਹੈ ਅਤੇ ਹੁਣ ਲੋਕਾਂ ਨੂੰ ਇਸ ਤੋਂ ਜਲਦੀ ਨਿਜਾਤ ਮਿਲ ਜਾਵੇਗੀ। ਉਨ੍ਹਾਂ ਦੱਸਿਆ ਨਗਰ ਕੌਂਸਲ ਨੇ 9 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਹਨ ਜਿਸ ਤਹਿਤ ਵੱਖ-ਵੱਖ ਥਾਵਾਂ `ਤੇ ਮੋਟਰਾਂ ਰਾਹੀਂ ਪਾਣੀ ਨਿਕਾਸੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।