ਮੀਂਹ ਨੇ ਮੁਕਤਸਰ ਅਤੇ ਪਿੰਡਾਂ ਦੇ ਲੋਕਾਂ ਦੀ ਮੁਸ਼ਕਲ ਵਧਾਈ
ਪਿਛਲੇ ਕਰੀਬ ਇੱਕ ਹਫਤੇ ਤੋਂ ਨਿੱਤ ਵਰ੍ਹ ਰਹੇ ਮੀਂਹ ਨੇ ਮੁਕਤਸਰ ਸ਼ਹਿਰ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੀ ਬਿਪਤਾ ਵਧਾ ਦਿੱਤੀ ਹੈ। ਅੱਜ ਪਏ ਮੀਂਹ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ, ਨਾਰੰਗ ਕਲੋਨੀ, ਫਾਟਕੋਂ ਪਾਰ ਦੀ ਆਬਾਦੀ, ਅਬੋਹਰ ਰੋਡ ਸਣੇ ਕਈ ਖੇਤਰਾਂ ’ਚ ਪਾਣੀ ਭਰ ਗਿਆ। ਮੁਕਤਸਰ-ਮਲੋਟ-ਬਠਿੰਡਾ ਮਾਰਗ ਦੀ ਖਸਤਾ ਹਾਲਤ ਕਾਰਣ ਵਾਹਨਾਂ ਦਾ ਬੁਰਾ ਹਾਲ ਹੋ ਗਿਆ ਹੈ। ਪਿੰਡ ਉਦੈਕਰਨ ’ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਕੁਦਰਤੀ ਢਾਲ ਇਸ ਪਿੰਡ ਵੱਲ ਹੋਣ ਕਰਕੇ ਅਕਸਰ ਇਹ ਪਿੰਡ ਬਾਰਸ਼ਾਂ ਦੀ ਮਾਰ ਹੇਠ ਆ ਜਾਂਦਾ ਹੈ। ਇਸੇ ਤਰ੍ਹਾਂ ਥਾਂਦੇਵਾਲਾ, ਚੜ੍ਹੇਵਾਨ, ਚੌਂਤਰਾ, ਬੂੜਾ ਗੁੱਜਰ ਆਦਿ ਪਿੰਡਾਂ ’ਚ ਪਾਣੀ ਮਾਰ ਵੱਧ ਗਈ ਹੈ। ਪਿੰਡ ਉਦੈਕਰਨ ਦੇ ਸਰਪੰਚ ਸੁਖਚਰਨ ਸਿੰਘ ਨੇ ਦੱਸਿਆ ਕਿ ਜੇਕਰ ਇਕ ਅੱਧਾ ਮੀਂਹ ਹੋਰ ਪੈ ਗਿਆ ਤਾਂ ਪਿੰਡ ਥਾਂਦੇਵਾਲਾ ਵੱਲੋਂ ਆਉਣ ਵਾਲਾ ਪਾਣੀ ਮੁਕਤਸਰ-ਕੋਟਕਪੂਰਾ ਰੋਡ ਪਾਰ ਕਰਕੇ ਉਦੈਕਰਨ ’ਚ ਦਾਖਲ ਹੋ ਜਾਵੇਗਾ ਜਿਸ ਨਾਲ ਫਸਲਾਂ ਤੇ ਘਰਾਂ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਪ੍ਰਸ਼ਾਸਨ ਪਾਸੋਂ ਪਾਣੀ ਲਿਫਟ ਕਰਨ ਦੇ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਹੈ।