ਮੀਂਹ ਦੀ ਮਾਰ: ਡੀਸੀ ਦੇ ਘਰ ਦੇ ਗੇਟ ਅੱਗੇ ਬੋਰੀਆਂ ਲਾਈਆਂ
ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਮਾਨਸਾ ਸ਼ਹਿਰ ਦੇ ਬਹੁਤੇ ਬਾਜ਼ਾਰ ਖੁੱਲ੍ਹ ਨਹੀਂ ਸਕੇ। ਕਈ ਦੁਕਾਨਾਂ ਵਿੱਚ ਪਾਣੀ ਭਰ ਗਿਆ। ਬਹੁਤੇ ਸਾਰੇ ਪ੍ਰਾਈਵੇਟ ਸਕੂਲਾਂ ਨੇ ਸ਼ਹਿਰ ਅਤੇ ਗਲੀਆਂ ਵਿੱਚ ਭਰੇ ਪਾਣੀ ਦੇ ਮੱਦੇਨਜ਼ਰ ਸਕੂਲਾਂ ਵਿੱਚ ਸਵੇਰੇ ਛੁੱਟੀ ਕਰ ਦਿੱਤੀ। ਜ਼ਿਲ੍ਹਾ ਕਚਹਿਰੀ ਨੂੰ ਜਾਂਦੀ ਮੁੱਖ ਸੜਕ ਪਾਣੀ ਵਿੱਚ ਡੁੱਬੀ ਹੋਣ ਕਾਰਨ ਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਦਫ਼ਤਰਾਂ ਵਿੱਚ ਨਹੀਂ ਜਾ ਸਕੇ।
ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਘਰ ਨੂੰ ਬਚਾਉਣ ਲਈ ਮੁੱਖ ਗੇਟ ’ਤੇ ਰੇਤੇ ਦੀਆਂ ਬੋਰੀਆਂ ਭਰ ਕੇ ਲਾਈਆਂ ਗਈਆਂ। ਦੇਰ ਸ਼ਾਮ ਤੱਕ ਡੀਸੀ ਦੇ ਘਰ ਦਾ ਗੇਟ ਨਾ ਖੁੱਲ੍ਹ ਸਕਿਆ। ਪਤਾ ਲੱਗਿਆ ਹੈ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਕੋਲ ਲੋਕਾਂ ਨੂੰ ਬੱਸਾਂ ’ਤੇ ਚੜ੍ਹਨ ਲਈ ਬਣੇ ਮਿਨੀ ਬੱਸ ਸਟੌਪ ਵਿੱਚ ਪਾਣੀ ਭਰਨ ਕਾਰਨ ਸਿਰਸਾ-ਸਰਦੂਲਗੜ੍ਹ, ਤਲਵੰਡੀ ਸਾਬੋ, ਬੁਢਲਾਡਾ, ਪਟਿਆਲਾ-ਚੰਡੀਗੜ੍ਹ, ਬਰਨਾਲਾ-ਲੁਧਿਆਣਾ ਅਤੇ ਬਠਿੰਡਾ ਨੂੰ ਜਾਣ-ਆਉਣ ਵਾਲੀਆਂ ਸਵਾਰੀਆਂ ਨੂੰ ਸਾਰਾ ਦਿਨ ਉਤਰਨ-ਚੜ੍ਹਨ ਦੀ ਵੱਡੀ ਦਿੱਕਤ ਹੁੰਦੀ ਰਹੀ। ਡਿਪਟੀ ਕਮਿਸ਼ਨਰ ਨੂੰ ਆਪਣੇ ਘਰ ਤੋਂ ਦਫ਼ਤਰ ਜਾਣ ਲਈ ਕਿਸੇ ਹੋਰ ਗੇਟ ਦਾ ਸਹਾਰਾ ਲੈਣਾ ਪਿਆ। ਓਵਰਬ੍ਰਿਜ ਨੇੜਲੇ ਜਮ੍ਹਾਂ ਹੋਇਆ ਮੀਂਹ ਦੇ ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਦਿਨ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਇਹ ਪਾਣੀ ਆਉਂਦੇ-ਜਾਂਦੇ ਰਾਹਗੀਰਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ।
ਬਰਨਾਲਾ: ਮੀਂਹ ਕਾਰਨ ਸੀਵਰੇਜ ਪ੍ਰਬੰਧਾਂ ਦੀ ਪੋਲ ਖੁੱਲ੍ਹੀ
ਬਰਨਾਲਾ/ਧਨੌਲਾ (ਰਵਿੰਦਰ ਰਵੀ): ਇੱਥੇ ਭਾਰੀ ਬਰਸਾਤ ਕਾਰਨ ਧਨੌਲਾ ਦੇ ਵੱਖ-ਵੱਖ ਇਲਾਕਿਆਂ ’ਚ ਜਮ੍ਹਾਂ ਹੋਏ ਪਾਣੀ ਨੇ ਸੀਵਰੇਜ ਪ੍ਰਬੰਧਾਂ ਦੀ ਪੋਲ ਖੋਲ੍ਹਕੇ ਰੱਖ ਦਿੱਤੀ। ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਉਨ੍ਹਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪੋਸਟ ਆਫਿਸ ਵਾਲੀ ਗਲੀ ਅਤੇ ਭੈਣੀ ਸਾਹਿਬ ਅਗਵਾੜ ਦੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੇ ਕੌਂਸਲ ਅਧਿਕਾਰੀਆਂ ਅਤੇ ਕੌਂਸਲਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਾਰਡ ਨੰਬਰ ਪੰਜ ਦੇ ਵਾਸੀ ਜੀਤੀ ਜਟਾਣਾ, ਸੁਖਵਿੰਦਰ ਸਿੰਘ ਢੀਂਡਸਾ, ਗੁਰਜੀਤ ਸਿੰਘ, ਹਰਮੀਤ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਤੀਹ ਸਾਲਾਂ ਤੋਂ ਉਹ ਬਰਸਾਤ ਦੇ ਮੌਸਮ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਹਨ। ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਕਈ ਵਾਰ ਕੌਂਸਲਰ, ਵਿਧਾਇਕ ਅਤੇ ਕਾਰਜ ਸਾਧਕ ਅਧਿਕਾਰੀ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਗੌਰਤਲਬ ਹੈ ਕਿ ਇਸ ਮੁਹੱਲੇ ਦਾ ਇਹ ਖੇਤਰ ਕਾਫੀ ਨੀਂਵਾ ਹੈ, ਬਾਕੀ ਚਾਰੋਂ ਪਾਸੇ ਸੜਕ ਦਾ ਲੈਵਲ ਉੱਚਾ ਹੈ ਜਿਸ ਨਾਲ ਇੱਥੇ ਪਾਣੀ ਭਰ ਜਾਂਦਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਗੰਦੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਜਲਦ ਨਹੀਂ ਕੀਤੀ ਗਈ ਤਾਂ ਕੌਂਸਲ ਪ੍ਰਧਾਨ ’ਤੇ ਅਧਿਕਾਰੀਆਂ ਖ਼ਿਲਾਫ਼ ਮੋਰਚਾ ਖੋਲਿਆ ਜਾਵੇਗਾ। ਦੂਜੇ ਪਾਸੇ, ਕੌਂਸਲ ਪ੍ਰਧਾਨ ਰਣਜੀਤ ਕੌਰ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਪੂਰੇ ਹਨ, ਹੁਣ ਜੇਕਰ ਬਰਸਾਤ ਹੀ ਜ਼ਿਆਦਾ ਹੋ ਗਈ ਤਾਂ ਕੀ ਕੀਤਾ ਜਾ ਸਕਦਾ ਹੈ?
ਮਾੜੇ ਨਿਕਾਸੀ ਪ੍ਰਬੰਧਾਂ ਕਾਰਨ ਲੋਕ ਪ੍ਰੇਸ਼ਾਨ
ਭਦੌੜ (ਰਾਜਿੰਦਰ ਵਰਮਾ): ਇੱਥੇ ਦੁਪਹਿਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਚਾਰੇ ਪਾਸੇ ਜਲ-ਥਲ ਹੋ ਗਿਆ। ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਸਬਾ ਭਦੌੜ ਦੀ ਜੈਦ ਮਾਰਕੀਟ ’ਚ ਪਾਣੀ ਭਰ ਗਿਆ ਅਤੇ ਨਿਕਾਸੀ ਨਾ ਹੋਣ ਕਾਰਨ ਪਾਣੀ ਦੁਕਾਨਾਂ ਅੰਦਰ ਦਾਖ਼ਲ ਹੋ ਗਿਆ। ਦੁਕਾਨਦਾਰ ਦੁਕਾਨਾਂ ’ਚੋਂ ਪਾਣੀ ਕੱਢਦੇ ਦਿਸੇ ਅਤੇ ਪ੍ਰਸ਼ਾਸਨ ਨੂੰ ਕੋਸਦੇ ਰਹੇ। ਇਸੇ ਤਰ੍ਹਾਂ ਬੱਸ ਸਟੈਂਡ ਰੋਡ ’ਤੇ ਵੀ ਪਾਣੀ ਜਮ੍ਹਾਂ ਹੋ ਗਿਆ। ਥਾਣਾ ਭਦੌੜ ਦੇ ਕੋਲ ਲੱਕ-ਲੱਕ ਪਾਣੀ ਹੋ ਗਿਆ। ਸਿਵਲ ਹਸਪਤਾਲ ਭਦੌੜ ਵੀ ਪਾਣੀ ਨਾਲ ਨੱਕੋ ਨੱਕ ਭਰ ਗਿਆ ਜਿਸ ਕਾਰਨ ਕਈ ਘੰਟੇ ਇਹ ਰਸਤਾ ਬੰਦ ਹੀ ਰਿਹਾ। ਬਰਨਾਲਾ ਰੋਡ ’ਤੇ ਗੋਬਿੰਦ ਸਕੂਲ ਕੋਲ ਤਿੰਨ ਤੋਂ ਚਾਰ ਫੁੱਟ ਪਾਣੀ ਖੜ੍ਹ ਗਿਆ ਜਿਸ ਕਰਕੇ ਕਈ ਕਾਰਾਂ ਪਾਣੀ ’ਚ ਬੰਦ ਹੋ ਗਈਆਂ ਜਿਨ੍ਹਾਂ ਨੂੰ ਭਦੌੜ ਦੇ ਨੌਜਵਾਨਾਂ ਨੇ ਕੱਢਿਆ। ਨੌਜਵਾਨ ਲਵਲੀਨ ਸੇਖੋਂ, ਜਗਸੀਰ ਜੱਗੀ, ਸਰਪੰਚ ਗੁਰਜੰਟ ਸਿੰਘ ਜੈਦ ਤੇ ਰਿੱਕੀ ਸੇਖੋਂ ਆਪਣੇ ਸਾਥੀਆਂ ਸਮੇਤ ਸਵੇਰੇ ਤੋਂ ਹੀ ਪਾਣੀ ’ਚ ਫਸੀਆਂ ਗੱਡੀਆਂ ਨੂੰ ਕੱਢਦੇ ਰਹੇ।