ਮੀਂਹ ਦੀ ਮਾਰ: ਕਾਂਗਰਸ ਨੇ ਵਿਧਾਇਕ ਦੀ ਗ਼ੈਰ-ਹਾਜ਼ਰੀ ’ਤੇ ਚੁੱਕੇ ਸਵਾਲ
ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਕਾਂਗਰਸ ਪਾਰਟੀ ਨੇ ਕੁਦਰਤੀ ਆਫ਼ਤ ਮੌਕੇ ਹਲਕਾ ਆਪ ਵਿਧਾਇਕ ਦੀ ਗੈਰ-ਹਾਜ਼ਰੀ ਸਮੇਤ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਪੀੜਿਤ ਪੰਜਾਬੀਆਂ ਲਈ ਕੀਤੇ ਐਲਾਨ 'ਤੇ ਸਵਾਲ ਚੁੱਕੇ ਹਨ। ਹਲਕਾ ਕੋਆਰਡੀਨੇਟਰ ਬਨੀ ਖਹਿਰਾ ਨੇ ਕਿਹਾ ਕਿ ਭਾਰੀ ਮੀਹ ਕਾਰਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਗਰੀਬਾਂ ਦੇ ਘਰ ਡਿੱਗ ਪਏ ਅਤੇ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ। ਪਰ ਇਸ ਆਫਤ ਮੌਕੇ ਹਲਕੇ ਦੇ ਆਪ ਵਿਧਾਇਕ ਨੇ ਲੋਕਾਂ ਦੀ ਬਾਤ ਤੱਕ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਕੇਵਲ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਪੀੜਤ ਲੋਕਾਂ ਨਾਲ ਇੱਕ ਮਜ਼ਾਕ ਹੈ। ਇਨੀ ਨਿਗੂਣੀ ਰਾਸ਼ੀ ਨਾਲ ਪੀੜਤ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫਤ ਵਿੱਚ ਸੂਬਾ ਤੇ ਕੇਂਦਰ ਸਰਕਾਰਾਂ ਦੋਵੇਂ ਹੀ ਪੀੜਤ ਲੋਕਾਂ ਦੀ ਬਾਂਹ ਫੜਨ ਤੋਂ ਭੱਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਮਾਂ ਰਹਿੰਦੇ ਡੈਮਾਂ ਅਤੇ ਡਰੇਨਾਂ ਦੀ ਸਫ਼ਾਈ ਨਾ ਕਰਵਾਉਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਉਨ੍ਹਾਂ ਪੰਜਾਬ ਦੇ ਲੋਕਾਂ ਤੇ ਪਰਵਾਸੀ ਪੰਜਾਬੀਆਂ ਨੂੰ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ੋਨ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਕਲਾਲਾ, ਦੀਪਾ ਧਨੇਰ, ਹਰਜਿੰਦਰ ਸਿੰਘ ਚੁਹਾਣਕੇ, ਸੌਖੀ ਕਲਾਲਾ, ਵਰਿੰਦਰ ਕਲਾਲਾ, ਪੰਚ ਰਾਜੂ ਖਾਂ, ਬਾਬਾ ਪ੍ਰੀਤਮ ਸਿੰਘ ਬੀਹਲਾ ਖੁਰਦ, ਜਸਵਿੰਦਰ ਸਿੰਘ ਚੁਹਾਨਕੇ, ਰਾਜਦੀਪ ਸਿੰਘ, ਲਸਮਣ ਸਿੰਘ ਵਜੀਦਕੇ, ਲੱਖਾ ਸਿੰਘ ਠੀਕਰੀਵਾਲਾ, ਤਰਸੇਮ ਸਿੰਘ ਠੀਕਰੀਵਾਲਾ ਸਮੇਤ ਕਈ ਵਰਕਰ ਤੇ ਆਗੂ ਹਾਜ਼ਰ ਸਨ।