ਮੀਂਹ ਦੀ ਮਾਰ: ਮਹਿਤਾ ’ਚ ਝੋਨੇ ਦੀ ਫ਼ਸਲ ਬਰਬਾਦ
ਪਿੰਡ ਮਹਿਤਾ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਕਈ ਕਿਸਾਨਾਂ ਦੇ ਖੇਤਾਂ ’ਚ 5-5 ਫੁੱਟ ਪਾਣੀ ਖੜ੍ਹਨ ਕਾਰਨ ਉਨ੍ਹਾਂ ਦੀ ਲਗਪਗ 60 ਏਕੜ ਝੋਨੇ ਦੀ ਫਸਲ ਤਬਾਹ ਹੋ ਗਈ। ਕਿਸਾਨ ਮਨਪ੍ਰੀਤ ਸਿੰਘ ਦੀ 2 ਏਕੜ, ਸਤਨਾਮ ਸਿੰਘ ਦੀ ਸਾਢੇ 5 ਏਕੜ, ਬੂਟਾ ਸਿੰਘ ਦੀ 2 ਏਕੜ, ਜਸਵਿੰਦਰ ਸਿੰਘ ਦੀ ਤਿੰਨ ਏਕੜ, ਹਰਬੰਸ ਸਿੰਘ ਦੀ ਸਾਢੇ ਤਿੰਨ ਏਕੜ, ਸਾਬਕਾ ਸਰਪੰਚ ਸ਼ਮਸੇਰ ਸਿੰਘ ਦੀ 8 ਏਕੜ, ਪੰਡਿਤ ਭੰਦਾ ਸਿੰਘ ਦੀ ਢਾਈ ਏਕੜ, ਜਸਵੰਤ ਸਿੰਘ ਦੀ ਚਾਰ ਏਕੜ ਫਸਲ ਜੋ ਤਕਰੀਬਨ 60 ਏਕੜ ਬਣਦੀ ਹੈ। ਭਾਰੀ ਮੀਂਹ ਪੈਣ ਕਾਰਨ ਫਸਲ ਵਿੱਚ 5-5 ਫੁੱਟ ਪਾਣੀ ਖੜ੍ਹ ਗਿਆ ਸੀ ਜਿਸ ਕਾਰਨ ਝੋਨਾ ਤਬਾਹ ਹੋ ਗਿਆ। ਪੀੜਤ ਕਿਸਾਨਾਂ ਨੇ ਦੱਸਿਆ ਕਿ ਪਾਣੀ ਉਤਰਨ ’ਤੇ ਖੇਤਾਂ ’ਚ ਗੇੜ ਲਾਇਆ ਤਾਂ ਦੇਖਿਆ ਤਾਂ ਫਸਲ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਕਿਸਾਨਾਂ ਨੇ ਦੱਸਿਆ ਕਿ 80 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਕਿਸਾਨਾਂ ਦਾ ਨੁਕਸਾਨ ਹੋ ਗਿਆ ਪਰ ਸਰਕਾਰ ਦਾ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਬਹੁਤ ਥੋੜ੍ਹਾ ਹੈ। ਕਿਸਾਨਾਂ ਨੇ ਢੁੱਕਵੇਂ ਮੁਆਵਜੇ ਦੀ ਮੰਗ ਕੀਤੀ ਹੈ।
ਮੌੜ ਨਾਭਾ ’ਚ ਛੇ ਕਨਾਲ ਨਰਮੇ ਦੀ ਫ਼ਸਲ ਤਬਾਹ
ਸ਼ਹਿਣਾ (ਪੱਤਰ ਪ੍ਰੇਰਕ): ਪਿੰਡ ਮੌੜ ਨਾਭਾ ਵਿੱਚ ਇੱਕ ਕਿਸਾਨ ਦੀ ਛੱਪੜ ਓਵਰਫਲੋਅ ਹੋਣ ਕਾਰਨ ਅਤੇ ਮੀਂਹ ਕਾਰਨ ਨਰਮੇ ਦੀ ਫ਼ਸਲ ਤਬਾਹ ਹੋ ਗਈ ਹੈ। ਸਾਬਕਾ ਪੰਚ ਮਿੱਠੂ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਨਰਮੇ ਦੀ ਕਾਸ਼ਤ ਕਰ ਰਿਹਾ ਹੈ। ਇਸ ਵਾਰ ਪਏ ਮੀਂਹ ਨੇ ਨੇੜਲੇ ਛੱਪੜ ਓਵਰਫਲੋਅ ਕਰ ਦਿੱਤੇ ਜਿਸ ਕਾਰਨ ਉਸ ਦੀ ਛੇ ਕਨਾਲਾਂ ਨਰਮੇ ਦੀ ਫ਼ਸਲ ਬਰਬਾਦ ਹੋ ਗਈ। ਉਸ ਦਾ ਕਰੀਬ 50 ਹਜ਼ਾਰ ਰੁਪਏ ਨੁਕਸਾਨ ਹੋ ਗਿਆ ਹੈ। ਸਾਬਕਾ ਪੰਚ ਮਿੱਠੂ ਸਿੰਘ ਨੇ ਪ੍ਰਸ਼ਾਸਨ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।