ਭਾਵੇਂ ਭਾਰਤੀ ਰੇਲਵੇ ਵੱਲੋਂ ਅੱਜ ਪੰਜਾਬ ਨੂੰ ਦੋ ਵੱਡੇ ਤੋਹਫ਼ੇ ਦਿੰਦਿਆਂ ਰਾਜਪੁਰਾ ਤੋਂ ਮੁਹਾਲੀ ਤੱਕ ਨਵੀਂ ਰੇਲਵੇ ਲਾਈਨ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਮਾਲਵਾ ਖੇਤਰ ਤੇ ਚੰਡੀਗੜ੍ਹ ਵਿਚਕਾਰ ਰੇਲ ਸੰਪਰਕ ਹੋਰ ਬਿਹਤਰ ਹੋਵੇਗਾ ਅਤੇ ਫਿਰੋਜ਼ਪੁਰ ਤੋਂ ਦਿੱਲੀ ਤੱਕ ਇੱਕ ਨਵੀਂ ਬੰਦੇ ਭਾਰਤ ਰੇਲ ਗੱਡੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਪਰ ਮਾਲਵਾ ਇਲਾਕੇ ਵਿੱਚ ਮੌੜ, ਮਾਨਸਾ, ਬੁਢਲਾਡਾ, ਬਰੇਟਾ ਦੀ ਸਾਰ ਲੈਣ ਦੀ ਮੰਗ ਨੂੰ ਲੋਕਾਂ ਵੱਲੋਂ ਮੁੜ ਦੁਹਰਾਇਆ ਗਿਆ ਹੈ। ਨਗਰ ਕੌਂਸਲ ਮਾਨਸਾ ਦੇ ਸਾਬਕਾ ਵਾਈਸ ਪ੍ਰਧਾਨ ਜਤਿੰਦਰ ਆਗਰਾ ਨੇ ਅੱਜ ਇਥੇ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵੱਲੋਂ ਭਾਰਤੀ ਰੇਲਵੇ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਹਰਸਿਮਰਤ ਕੌਰ ਬਾਦਲ ਅਤੇ ਹੋਰ ਕੇਂਦਰੀ ਰੇਲਵੇ ਵਜ਼ੀਰਾਂ ਕੋਲ ਇਹ ਗੰਭੀਰ ਮਾਮਲਾ ਬਹੁਤ ਵਾਰ ਉਠਾਇਆ ਗਿਆ ਹੈ ਕਿ ਬਠਿੰਡਾ, ਮੌੜ ਮੰਡੀ, ਮਾਨਸਾ, ਬੁਢਲਾਡਾ, ਬਰੇਟਾ, ਜਾਖਲ ਰੇਲਵੇ ਰੂਟ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਬਠਿੰਡਾ-ਜਾਖਲ ਰੇਲਵੇ ਲਾਈਨ ਸਿਰਫ਼ 8 ਟਰੇਨਾਂ ਹੀ ਚੱਲ ਰਹੀਆਂ ਹਨ, ਜਦੋਂ ਕਿ ਬਠਿੰਡਾ ਤੋਂ ਮੌੜ ਤੱਕ ਦੀ ਆਬਾਦੀ 20 ਲੱਖ ਤੋਂ ਵੱਧ ਹੈ ਅਤੇ ਮੌੜ ਮੰਡੀ ਤੋਂ ਜਾਖਲ ਤੱਕ ਦੀ ਆਬਾਦੀ 30 ਲੱਖ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਮਾਨਸਾ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਸਮੇਤ ਬਰੇਟਾ, ਬੁਢਲਾਡਾ, ਮਾਨਸਾ ਤੇ ਮੌੜ ਵਰਗੇ ਮਹੱਤਵਪੂਰਨ ਸ਼ਹਿਰ ਹਨ, ਪਰ ਫਿਰ ਵੀ ਹਰ ਨਵੀਂ ਟਰੇਨ ਨੂੰ ਧੂਰੀ ਦੇ ਲੰਬੇ ਰੂਟ ਰਾਹੀਂ ਹੀ ਭੇਜਿਆ ਜਾਂਦਾ ਹੈ, ਜਿਸ ਨਾਲ ਯਾਤਰੀਆਂ ਨੂੰ ਲਗਪਗ 100 ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈਂਦਾ ਹੈ। ਉਨ੍ਹਾਂ ਇਸ ਸਬੰਧੀ ਰੇਲਵੇ ਚੇਅਰਮੈਨ, ਦੇਸ਼ ਦੇ ਪ੍ਰਧਾਨ ਮੰਤਰੀ, ਰੇਲ ਮੰਤਰੀ ਅਤੇ ਨਾਰਦਰਨ ਰੇਲਵੇ ਦੇ ਜਨਰਲ ਮੈਨੇਜਰ ਨੂੰ ਵੀ ਇੱਕ ਲਿਖਤੀ ਪੱਤਰ ਭੇਜਿਆ ਹੈ। ਇਲਾਕਾ ਨਿਵਾਸੀਆਂ ਨੇ ਸਵਾਲ ਉਠਾਇਆ ਗਿਆ ਕੀ ਮਾਨਸਾ-ਮੌੜ ਦੇ ਲੋਕ ਇਸ ਦੇਸ਼ ਦੇ ਨਾਗਰਿਕ ਨਹੀਂ ਹਨ? ਕੀ ਉਹ ਟੈਕਸ ਨਹੀਂ ਭਰਦੇ? ਉਨ੍ਹਾਂ ਮੰਗ ਕੀਤੀ ਕਿ ਨਵੀਂਆਂ ਟਰੇਨਾਂ ਨੂੰ ਬਠਿੰਡਾ ਤੋਂ ਧੂਰੀ ਦੇ ਲੰਬੇ ਰੂਟ ਦੀ ਬਜਾਏ ਮੌੜ ਮੰਡੀ, ਮਾਨਸਾ, ਬੁਢਲਾਡਾ, ਬਰੇਟਾ, ਜਾਖਲ ਰਾਹੀਂ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜਾਂ ਗੰਗਾਨਗਰ ਤੋਂ ਚੱਲਣ ਵਾਲੀਆਂ ਟਰੇਨਾਂ ਨੂੰ ਬਠਿੰਡਾ ਤੋਂ ਬਾਅਦ ਵਾਇਆ ਰਾਮਪੁਰਾ, ਤਪਾ, ਬਰਨਾਲਾ, ਧੂਰੀ, ਸੰਗਰੂਰ ਰਾਹੀਂ ਜਾਖਲ ਨਾ ਭੇਜਿਆ, ਸਗੋਂ ਮੌੜ, ਮਾਨਸਾ, ਬੁਢਲਾਡਾ ਰਾਹੀਂ ਭੇਜਿਆ ਜਾਵੇ ਤਾਂ ਜੋ ਥੋੜੇ ਕਿਲੋਮੀਟਰ ਕਰਕੇ ਵੱਧ ਲੋਕਾਂ ਨੂੰ ਲਾਭ ਦਿੱਤਾ ਜਾ ਸਕੇ।
+
Advertisement
Advertisement
Advertisement
×