ਬਠਿੰਡਾ-ਮਾਨਸਾ ਰੋਡ ’ਤੇ ਰੇਲਵੇ ਅੰਡਰ ਬ੍ਰਿਜ ਨੂੰ ਬਰਸਾਤੀ ਪਾਣੀ ਤੋਂ ਮਿਲੇਗਾ ਛੁਟਕਾਰਾ
ਬਰਸਾਤੀ ਮੌਸਮ ’ਚ ਲੋਕਾਂ ਲਈ ਮੁਸੀਬਤ ਬਣਨ ਵਾਲੇ ਮਾਨਸਾ ਰੋਡ ’ਤੇ ਸਥਿਤ ਰੇਲਵੇ ਅੰਡਰ ਬ੍ਰਿਜ ’ਤੇ ਸਰਕਾਰ ਦੀ ਸੁਵੱਲੀ ਨਜ਼ਰ ਪੈ ਗਈ ਹੈ। ਇਸ ਅੰਡਰ ਬ੍ਰਿਜ ਦੀ ਤ੍ਰਾਸਦੀ ਹੈ ਕਿ ਮੀਂਹ ਦੀਆਂ ਚਾਰ ਕੁ ਫ਼ੁਹਾਰਾਂ ਪੈਣ ਨਾਲ ਹੀ ਇਹ ਪਾਣੀ ਨਾਲ ਭਰ ਜਾਂਦਾ ਸੀ। ਦੂਸਰੀ ਤਰਫ਼ ਇਸ ਪੁਲ ਹੇਠੋਂ ਤਲਵੰਡੀ ਸਾਬੋ, ਸਰਦੂਲਗੜ੍ਹ, ਰਾਮਾ ਮੰਡੀ ਤੋਂ ਇਲਾਵਾ ਵਾਇਆ ਮੌੜ, ਮਾਨਸਾ, ਭੀਖੀ, ਸੁਨਾਮ ਹੋ ਕੇ ਪਟਿਆਲਾ ਅਤੇ ਚੰਡੀਗੜ੍ਹ ਜਾਣ ਵਾਲੇ ਵਾਹਨ ਗੁਜ਼ਰਦੇ ਸਨ। ਅੰਡਰ ਬ੍ਰਿਜ ’ਚ ਪਾਣੀ ਭਰਨ ਕਾਰਨ ਛੋਟੇ ਦੋਪਹੀਆ, ਚੌਪਹੀਆ ਵਾਹਨ ਤਾਂ ਖੁਦ ਹੀ ਡੁੱਬਦੇ ਸਨ, ਪਰ ਵੱਡੇ ਵਾਹਨਾਂ ਦੇ ਅੰਦਰ ਪਾਣੀ ਭਰ ਜਾਂਦਾ ਸੀ।
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਇਸ ਸਮੱਸਿਆ ਦੇ ਹੱਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪੁਲ ਦੀ ਮੁਰੰਮਤ ਦੇ ਨਾਲੋ-ਨਾਲ ਸ਼ੈੱਡ ਦੀ ਉਸਾਰੀ ਕੀਤੀ ਜਾਵੇਗੀ, ਤਾਂ ਜੋ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪੁਲ ਵਿੱਚ ਖੜ੍ਹਨ ਵਾਲੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਹੋਰ ਦੱਸਿਆ ਕਿ ਕਰੀਬ 69.38 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਡੀਮਾਰਟ ਤੋਂ ਲੈ ਕੇ ਭੀਖੀ ਤੱਕ ਨੈਸ਼ਨਲ ਹਾਈਵੇਅ-148 ਬੀ ਅਤੇ ਮਾਨਸਾ ਕੈਂਚੀਆਂ ਤੋਂ ਰਾਮਦਿੱਤਾ ਚੌਕ ਤੱਕ ਨੈਸ਼ਨਲ ਹਾਈਵੇਅ-703 ਸੜਕ ਦਾ ਨਵੀਨੀਕਰਨ ਵੀ ਕੀਤਾ ਜਾਵੇਗਾ।