ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਬਰਨਾਲਾ ਤੇ ਬਠਿੰਡਾ ਦਾ ਦੌਰਾ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਭਾਗਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਹਰ ਇਕ ਆਮ ਵਿਅਕਤੀ ਤੱਕ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਫ਼ੂਡ ਕਮਿਸ਼ਨ ਦੇ ਵੇਰਵੇ ਅਤੇ ਉਸ ਦਾ ਫੋਨ ਨੰਬਰ ਜਨਤਕ ਥਾਵਾਂ ਜਿਵੇਂ ਕਿ ਸਕੂਲ, ਆਂਗਣਵਾੜੀ ਕੇਂਦਰ ਅਤੇ ਹਸਪਤਾਲਾਂ ਦੇ ਬਾਹਰ ਲਿਖਿਆ ਜਾਵੇ ਤਾਂ ਜੋ ਖਾਣੇ ਸਬੰਧੀ ਕੋਈ ਵੀ ਸ਼ਿਕਾਇਤ ਫ਼ੂਡ ਕਮਿਸ਼ਨ ਤੱਕ ਕੀਤੀ ਜਾ ਸਕੇ। ਜਸਵੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਰਕਾਰੀ ਰਾਸ਼ਨ ਡਿੱਪੂਆਂ, ਆਂਗਣਵਾੜੀ ਕੇਂਦਰਾਂ ਜਾਂ ਸਕੂਲਾਂ ਦੇ ਮਿਡ ਡੇ ਮੀਲ ਸਬੰਧੀ ਕੋਈ ਸ਼ਿਕਾਇਤ ਵਿਭਾਗ ਦੀ ਵੈੱਬਸਾਈਟ ਉੱਪਰ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਆਮ ਜਨਤਾ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 98767-64545 ਵੀ ਜਾਰੀ ਕੀਤਾ ਹੋਇਆ ਹੈ ਜਿਸਦਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਕਿ ਫੂਡ ਸਕਿਉਰਿਟੀ ਐਕਟ ਅਧੀਨ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਵੀ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਵਰਤਾਏ ਜਾਂਦੇ ਮਿੱਡ-ਡੇਅ ਮੀਲ ਦਾ ਜਾਇਜ਼ਾ ਲਿਆ। ਇਸੇ ਦੌਰਾਨ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਅੱਜ ਬਠਿੰਡਾ ਫੇਰੀ ਮੌਕੇ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਆਰਓ ਪਾਣੀ ਦੀ ਸਪਲਾਈ ਦੀ ਤੁਰੰਤ ਟੀਡੀਐੱਸ ਜਾਂਚ ਕਰਵਾਈ ਜਾਵੇ, ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਪੀਣ ਵਾਲਾ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿੱਥੇ ਆਰਓ ਲੱਗੇ ਨਹੀਂ ਜਾਂ ਖ਼ਰਾਬ ਹਨ, ਉਨ੍ਹਾਂ ਨੂੰ ਲਗਾਇਆ ਜਾਂ ਰਿਪੇਅਰ ਕਰਵਾਇਆ ਜਾਵੇ।