Punjab News: ਪ੍ਰਬੰਧਾਂ ਨੂੰ ਲੈ ਕੇ ਕੇ ਗੁਰਦੁਆਰਾ ਬਾਬਾ ਝੁੱਗੀ ਵਾਲਾ ਵਿਖੇ ਦੋ ਧਿਰਾਂ ਦੀ ਝੜਪ
ਦੋਹਾਂ ਪਾਸਿਆਂ ਦੇ ਚਾਰ ਵਿਅਕਤੀ ਹੋਏ ਜ਼ਖ਼ਮੀ; ਸਾਰੇ ਜ਼ਖ਼ਮੀ ਹਸਪਤਾਲ ਵਿਚ ਜ਼ੇਰ-ਏ-ਇਲਾਜ
ਹਰਦੀਪ ਸਿੰਘ
ਧਰਮਕੋਟ, 31 ਮਈ
ਤੱਪ ਅਸਥਾਨ ਬਾਬਾ ਤੁਲਸੀ ਦਾਸ ਝੁੱਗੀ ਵਾਲਾ ਦੌਲੇਵਾਲਾ ਦੇ ਪ੍ਰਬੰਧਾਂ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨੇ ਲੰਘੀ ਰਾਤ ਹਿੰਸਕ ਰੂਪ ਧਾਰ ਲਿਆ। ਆਪਸੀ ਵਿਵਾਦ ਦੇ ਚਲਦਿਆਂ ਬੀਤੀ ਰਾਤ 8 ਵਜੇ ਦੇ ਕਰੀਬ ਗੁਰਦੁਆਰਾ ਕੰਪਲੈਕਸ ਅੰਦਰ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਮੌਕੇ ਹੋਈ ਹਿੰਸਕ ਝੜਪ ’ਚ ਦੋਹਾਂ ਧਿਰਾਂ ਦੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ।
ਸਾਰੇ ਜ਼ਖ਼ਮੀ ਇਸ ਵੇਲੇ ਸਿਵਲ ਹਸਪਤਾਲ ਮੋਗਾ ਵਿਖੇ ਜੇਰੇ ਇਲਾਜ ਹਨ। ਦੋਹਾਂ ਧਿਰਾਂ ਨੇ ਹੀ ਇੱਕ ਦੂਜੇ ਉੱਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਪੁਲੀਸ ਨੇ ਸਾਰੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਮੁਤਾਬਕ ਗੁਰਦੁਆਰਾ ਬਾਬਾ ਝੁੱਗੀ ਵਾਲਾ ਦੇ ਪ੍ਰਬੰਧਾਂ ਨੂੰ ਲੈ ਕੇ ਇਸ ਵੇਲੇ ਪਿੰਡ ਦੌਲੇਵਾਲਾ ਵਿਖੇ ਦੋ ਧੜੇ ਬਣੇ ਹੋਏ ਹਨ। ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾ ਰਹੇ ਬਾਬਾ ਅਵਤਾਰ ਸਿੰਘ ਫੌਜੀ ਨੂੰ ਪਿੰਡ ਦੇ ਕੁਝ ਲੋਕਾਂ - ਬਲਵੰਤ ਸਿੰਘ ਮੈਂਬਰ ਪੰਚਾਇਤ, ਅਮਰੀਕ ਸਿੰਘ ਚਾਨੀ, ਸੁਖਵਿੰਦਰ ਸਿੰਘ ਫੰਗੂ, ਸਰਪੰਚ ਇਕਬਾਲ ਸਿੰਘ ਅਤੇ ਕਿਸਾਨ ਆਗੂ ਕੁਲਵਿੰਦਰ ਸਿੰਘ ਆਦਿ ਵਲੋਂ ਚੁਣੌਤੀ ਦਿੱਤੀ ਹੋਈ ਹੈ।
ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਡੇਢ ਮਹੀਨਾ ਪਹਿਲਾਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਇਸ ਵੇਲੇ ਕੋਟ ਈਸੇ ਖਾਂ ਦੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਦੇਖਰੇਖ ਕਰ ਰਹੇ ਹਨ। ਉਨ੍ਹਾਂ ਵੱਲੋਂ ਪਿੰਡ ਦੇ ਇੱਕ ਨੌਜਵਾਨ ਮਨਜੀਤ ਸਿੰਘ ਨੂੰ ਆਰਜ਼ੀ ਤੌਰ ਉੱਤੇ ਗੁਰਦੁਆਰਾ ਸਾਹਿਬ ਦਾ ਮੇਨੈਜਰ ਨਿਯੁਕਤ ਕਰਨ ਉੱਤੇ ਬਾਬਾ ਅਵਤਾਰ ਸਿੰਘ ਦਾ ਧੜਾ ਨਾਖੁਸ਼ੀ ਜ਼ਾਹਰ ਕਰ ਰਿਹਾ ਹੈ।
ਇਸ ਮਾਮਲੇ ਨੂੰ ਲੈਕੇ ਬਾਬਾ ਅਵਤਾਰ ਸਿੰਘ ਦੇ ਧੜੇ ਵਲੋਂ ਮੋਗਾ ਦੀ ਇੱਕ ਸਿਵਲ ਅਦਾਲਤ ਪਾਸੋਂ ਦੂਸਰੇ ਧੜੇ ਦੇ 19 ਵਿਅਕਤੀਆਂ ਵਿਰੁੱਧ ਪ੍ਰਬੰਧਾਂ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਲੈ ਕੇ ਸਟੇਅ ਆਰਡਰ ਵੀ ਹਾਸਲ ਕੀਤਾ ਹੋਇਆ ਹੈ।
ਫੌਜੀ ਧੜੇ ਦੇ ਬੂਟਾ ਸਿੰਘ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਵੀ ਦੂਸਰੇ ਧੜੇ ਦੇ ਦਰਜਨ ਭਰ ਆਦਮੀਆਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਬਾਬਾ ਅਵਤਾਰ ਸਿੰਘ ਦੇ ਲੜਕੇ ਤਲਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਦੂਜੇ ਪਾਸੇ ਬਲਵੰਤ ਸਿੰਘ ਮੈਂਬਰ ਪੰਚਾਇਤ ਦਾ ਕਹਿਣਾ ਸੀ ਕਿ ਉਹ ਆਪਣੇ ਇਕ ਹੋਰ ਸਾਥੀ ਕੁਲਵਿੰਦਰ ਸਿੰਘ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਕਿ ਬਾਬਾ ਅਵਤਾਰ ਸਿੰਘ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕੀਤਾ ਹੈ।
ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ।