ਪੰਜਾਬ ਕਿਸਾਨ ਯੂਨੀਅਨ ਨੇ ਦੁਕਾਨਦਾਰ ਦੇ ਘਰ ਦੀ ਨਿਲਾਮੀ ਰੁਕਵਾਈ
ਮਾਨਸਾ ਸ਼ਹਿਰ ਦੇ ਵਾਰਡ ਨੰਬਰ-6 ਵਿੱਚ ਇੱਕ ਦੁਕਾਨਦਾਰ ਦੇ ਘਰ ਦੀ ਅੱਜ ਉਸ ਵੇਲੇ ਨਿਲਾਮੀ ਹੋਣ ਤੋਂ ਬਚਾਅ ਹੋ ਗਿਆ ਜਦੋਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਸ ਨਿਲਾਮੀ ਦਾ ਵਿਰੋਧ ਕੀਤਾ ਗਿਆ। ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਸਰਕਾਰੀ ਅਧਿਕਾਰੀ ਨਿਲਾਮੀ ਕਰਨ ਵਾਲੀ ਥਾਂ ’ਤੇ ਨਾ ਆਇਆ। ਇਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਘਰ ਦਾ ਜਿੰਦਾ ਤੋੜ ਕੇ ਪਰਿਵਾਰ ਨੂੰ ਘਰ ਅੰਦਰ ਬਿਠਾਇਆ ਗਿਆ।
ਇਸ ਤੋਂ ਪਹਿਲਾਂ ਇਸ ਨਿਲਾਮੀ ਦੇ ਵਿਰੋਧ ਵਿੱਚ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਦੁਕਾਨਦਾਰ ਨਿੱਕਾ ਸਿੰਘ ਨੇ ਇੱਕ ਬੈਂਕ ਤੋਂ ਛੇ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਉਸ ਵੱਲੋਂ 5.72 ਲੱਖ ਰੁਪਏ ਭਰ ਦਿੱਤਾ ਗਏ ਸਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵੱਲੋਂ ਆਰਥਿਕ ਹਾਲਤ ਮਾੜੀ ਹੋਣ ਕਾਰਨ ਬੈਂਕ ਦੀਆਂ ਕਿਸ਼ਤਾਂ ਸਮੇਂ ਸਿਰ ਅਦਾ ਨਾ ਕਰ ਸਕਿਆ ਅਤੇ ਬੈਂਕ ਵੱਲੋਂ ਛੇ ਲੱਖ ਰੁਪਏ ਹੋਰ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੀੜਤ ਦੁਕਾਨਦਾਰ ਵੱਲੋਂ ਜਦੋਂ ਇਹ ਮਾਮਲਾ ਕਿਸਾਨ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਤਾਂ ਜਥੇਬੰਦੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀੜਤ ਧਿਰ ਬੈਂਕ ਨੂੰ ਤਿੰਨ ਲੱਖ ਹੋਰ ਦੇ ਕੇ ਮਾਮਲਾ ਨਿਬੇੜਨਾ ਚਾਹੁੰਦੀ ਸੀ, ਪਰ ਬੈਂਕ ਵੱਲੋਂ ਘਰ ਨੂੰ ਜਿੰਦਾ ਲਗਾ ਕੇ ਸੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਅੱਜ ਘਰ ’ਤੇ ਲੱਗਿਆ ਜਿੰਦਾ ਤੋੜ ਕੇ ਪਰਿਵਾਰ ਨੂੰ ਘਰ ਅੰਦਰ ਬਿਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ, ਮਜ਼ਦੂਰ, ਦੁਕਾਨਦਾਰ ਦੇ ਮਕਾਨ, ਘਰ ਦੀ ਕਰਜ਼ੇ ਬਦਲੇ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਨਰਿੰਦਰ ਕੌਰ ਬੁਰਜ ਹਮੀਰਾ, ਸੁਖਚਰਨ ਦਾਨੇਵਾਲੀਆ, ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ ਕੋਟਧਰਮੂੰ, ਗੁਰਤੇਜ ਸਿੰਘ ਬਰ੍ਹੇ, ਤਰਸੇਮ ਸਿੰਘ, ਜਗਤਾਰ ਸਹਾਰਨਾ, ਸਨਪਰੀਤ ਸਿੰਘ, ਮੱਖਣ ਸਿੰਘ ਮਾਨ, ਦਰਸ਼ਨ ਮਘਾਣੀਆਂ, ਕੁਲਵੰਤ ਸਿੰਘ, ਗੁਰਦੀਪ ਸਿੰਘ ਰੱਲਾ ਵੀ ਮੌਜੂਦ ਸਨ।