ਪੰਜਾਬ ਕਿਸਾਨ ਯੂਨੀਅਨ ਵੱਲੋਂ ਲੈਂਡ ਪੂਲਿੰਗ ਖ਼ਿਲਾਫ਼ ਕਨਵੈਨਸ਼ਨ ਕਰਨ ਦਾ ਫ਼ੈਸਲਾ
ਪੰਜਾਬ ਕਿਸਾਨ ਯੂਨੀਅਨ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਅੱਜ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 14 ਅਗਸਤ ਨੂੰ ਲੈਂਡ ਪੂਲਿੰਗ ਨੀਤੀ ਅਤੇ ਅਮਰੀਕਾ ਵੱਲੋਂ ਟੈਰਿਫ਼ ਵਧਾਉਣ ਦੇ ਮਸਲੇ ਨੂੰ ਲੈਕੇ ਮਾਨਸਾ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ। ਇਹ ਕਨਵੈਨਸ਼ਨ ਜਥੇਬੰਦੀ ਦੇ ਪ੍ਰਮੁੱਖ ਆਗੂ ਮਰਹੂਮ ਭੂਰਾ ਸਿੰਘ ਮਾਨ ਦੀ ਬਰਸੀ ਨੂੰ ਸਮਰਪਿਤ ਹੋਵੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨਾਲ ਰਾਜ ਦੇ ਕਿਸਾਨ ਡੱਟ ਕੇ ਮੁਕਾਬਲਾ ਕਰਨਗੇ ਅਤੇ ਕਿਸੇ ਵੀ ਜ਼ਮੀਨ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਪੈਰ ਤੱਕ ਰੱਖਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਟੈਰਿਫ ਵਧਾਉਣ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਜੋ ਲੋਕਾਂ ਦਾ ਕਚੂਮਰ ਕੱਢਣ ਲਈ ਡਰਾਮਾ ਰਚਿਆ ਜਾ ਰਿਹਾ ਹੈ, ਇਸਦਾ ਛੇਤੀ ਪਰਦਾਫਾਸ਼ ਕੀਤਾ ਜਾਵੇਗਾ।
ਜਥੇਬੰਦੀ ਦੇ ਆਗੂ ਗੁਰਨਾਮ ਸਿੰਘ ਭੀਖੀ ਨੇ ਦੱਸਿਆ ਕਿ 14 ਅਗਸਤ ਨੂੰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿੱਚ ਹੋਣ ਵਾਲੀ ਕਨਵੈਨਸ਼ਨ ਦੌਰਾਨ ਪ੍ਰਮੁੱਖ ਬੁਲਾਰੇ ਵਜੋਂ ਡਾ. ਪਿਆਰੇ ਲਾਲ ਗਰਗ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਦੌਰਾਨ ਮਾਲਵਾ ਜ਼ੋਨ ਦੀਆਂ ਜਥੇਬੰਦਕ ਇਕਾਈਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਰਾਮਫਲ ਚੱਕ ਅਲੀਸ਼ੇਰ, ਗੋਰਾ ਸਿੰਘ ਭੈਣੀਬਾਘਾ, ਗੁਰਜੰਟ ਸਿੰਘ, ਨਰਿੰਦਰ ਕੌਰ ਬੁਰਜ ਹਮੀਰਾ ਨੇ ਵੀ ਸੰਬੋਧਨ ਕੀਤਾ।