ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਕਿੱਲਿਆਂਵਾਲੀ ਕਾਇਮ
ਸੂਬਾ ਸਰਕਾਰ ਨੇ ਮੰਡੀ ਕਿੱਲਿਆਂਵਾਲੀ ਵਿੱਚ ਮਾਰਕੀਟ ਕਮੇਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਹ ਮਾਮਲਾ ਕੈਪਟਨ ਸਰਕਾਰ ਵੇਲੇ ਤੋਂ ‘ਤਜਵੀਜ਼ਸ਼ੁਦਾ’ ਸੀ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨਵੀਂ ਗਠਿਤ ਮਾਰਕੀਟ ਕਮੇਟੀ ਕਿੱਲਿਆਂਵਾਲੀ ਵਿੱਚ 43 ਪਿੰਡ ਹੋਣਗੇ, ਜਿਨ੍ਹਾਂ ਵਿੱਚੋਂ 42 ਪਿੰਡ ਮਾਰਕੀਟ ਕਮੇਟੀ ਮਲੋਟ ਤੇ ਮਾਰਕੀਟ ਕਮੇਟੀ ਗਿੱਦੜਬਾਹਾ ਦਾ ਇੱਕ ਪਿੰਡ ਬੀਦੋਵਾਲੀ ਸ਼ਾਮਲ ਕੀਤਾ ਗਿਆ ਹੈ। ਮਲੋਟ ਤੇ ਮੰਡੀ ਕਿਲਿਆਂਵਾਲੀ ਵਿਚ ਕਰੀਬ 31 ਕਿਲੋਮੀਟਰ ਦੂਰੀ ਹੈ। ਕਾਂਗਰਸ ਸਰਕਾਰ ਸਮੇਂ ਤੋਂ ਪੰਜਾਬ ਮੰਡੀ ਬੋਰਡ ਦੀ ਤਜਵੀਜ਼ ਤਹਿਤ ਮੰਡੀ ਕਿੱਲਿਆਂਵਾਲੀ ਦਾਣਾ ਮੰਡੀ ਦੇ ਸਬ ਯਾਰਡ ਵਿਖੇ ਬਕਾਇਦਾ ਤੌਰ ’ਤੇ ਮਾਰਕੀਟ ਕਮੇਟੀ ਦਾ ਸਬ ਦਫ਼ਤਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਵੱਲੋਂ ਪਿੱਛੇ ਜਿਹੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਮਾਰਕੀਟ ਕਮੇਟੀ ਮਲੋਟ ਦੇ ਅਧੀਨ 91 ਪਿੰਡ ਸਨ, ਇਸ ਨਵੇਂ ਗਠਨ ਨਾਲ ਦਬਾਅ ਲਗਪਗ ਅੱਧਾ ਰਹਿ ਜਾਵੇਗਾ। ਪਿਛਲੇ ਵਰਿਆਂ ਤੋਂ ਲੰਬੀ ਹਲਕੇ ਵਿੱਚ ਸ਼ੈਲਰਾਂ ਅਤੇ ਕਾਟਨ ਫੈਕਟਰੀਆਂ ਦੀ ਤਾਦਾਦ ਵਧ ਰਹੀ ਹੈ। ਲਗਪਗ ਸੌ ਫ਼ੀਸਦੀ ਖੇਤੀ ਆਧਾਰਤ ਖੇਤਰ ਵਿੱਚ ਕਿਸਾਨਾਂ ਅਤੇ ਆੜਤੀਆਂ ਵੱਲੋਂ ਮਾਰਕੀਟ ਕਮੇਟੀ ਗਠਨ ’ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਵੇਰਵਿਆਂ ਮੁਤਾਬਕ ਨਵੀਂ ਮਾਰਕੀਟ ਕਮੇਟੀ ਵਿੱਚ ਕਰੀਬ 20 ਖਰੀਦ ਕੇਂਦਰ ਹੋਣਗੇ। ਪਿੰਡ ਲੰਬੀ, ਖਿਉਵਾਲੀ, ਮਹਿਣਾ, ਬਾਦਲ, ਮਾਨ, ਮਿਠੜੀ ਬੁੱਧਗਿਰ, ਗੱਗੜ, ਫਤੂਹੀਵਾਲਾ, ਸਿੰਘੇਵਾਲਾ, ਕਿੱਲਿਆਂਵਾਲੀ, ਲੁਹਾਰਾ, ਭਾਗੂ, ਬਨਵਾਲਾ ਅਨੂੰ, ਘੁਮਿਆਰਾ, ਵੜਿੰਗਖੇੜਾ, ਫੱਤਾਕੇਰਾ, ਮਿੱਡੂਖੇੜਾ, ਹਾਕੂਵਾਲਾ, ਭੁੱਲਰਵਾਲਾ, ਕੰਦੂਖੇੜਾ, ਤਰਮਾਲਾ, ਰੋੜਾਂਵਾਲੀ, ਭੀਟੀਵਾਲਾ, ਕੱਖਾਂਵਾਲੀ, ਪੰਜਾਵਾ, ਸਿੱਖਵਾਲਾ, ਸ਼ੇਰਾਂਵਾਲੀ, ਖੁੱਡੀਆਂ ਗੁਲਾਬ ਸਿੰਘ, ਖੁੱਡੀਆਂ ਮਹਾਂ ਸਿੰਘ, ਸਹਿਣਾਖੇੜਾ, ਆਧਨੀਆਂ, ਖੇਮਾਖੇੜਾ, ਮਾਹੂਆਣਾ, ਮਹਿਮੂਦਕੇਰਾ, ਫਤੂਹੀਖੇੜਾ, ਫੁੱਲੂਖੇੜਾ, ਅਰਨੀਵਾਲਾ ਵਜ਼ੀਰਾ, ਫਤਿਹਪੁਰ ਮਨੀਆਂਵਾਲਾਂ, ਦਿਉਣਖੇੜਾ, ਕੰਗਣਖੇੜਾ, ਫਰੀਦਕੇਰਾ, ਡੱਬਵਾਲੀ ਰਹੂੜਿਆਂਵਾਲੀ, ਅਤੇ ਬੀਦੋਵਾਲੀ (ਮਾਰਕੀਟ ਕਮੇਟੀ ਗਿੱਦੜਬਾਹਾ)
ਚੇਅਰਮੈਨੀ ਲਈ ਸਿਆਸੀ ਆਗੂਆਂ ’ਚ ਦੌੜ ਸ਼ੁਰੂ
ਲੰਬੀ ਹਲਕੇ ਦੀ ਇਕਲੌਤੀ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਗਠਨ ਨਾਲ ਹਲਕੇ ’ਚ ਸਰਕਾਰ ਅਧਿਕਾਰਤ ਸਿਆਸੀ ਅਹੁਦਾ ਸਿਰਜਿਆ ਗਿਆ ਹੈ ਜਿਸ ਨਾਲ ਮਲੋਟ ਤੇ ਲੰਬੀ ਹਲਕਿਆਂ ਦੀ ਸਿਆਸੀ ਚੌਧਰ ਵਿਚਕਾਰ ਸਿਆਸੀ ਖਿੱਚੋਤਾਣ ਖ਼ਤਮ ਹੋ ਜਾਵੇਗੀ। ਸੂਤਰਾਂ ਮੁਤਾਬਕ ਚੇਅਰਮੈਨੀ ਲਈ ਸਤਾਪੱਖ ‘ਆਪ’ ਵਿੱਚ ਸਿਆਸੀ ਦੌੜ-ਨੱਠ ਸ਼ੁਰੂ ਹੋ ਗਈ ਹੈ। ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਕਈ ਸਮਰਥਕ ਆਗੂ ਚੇਅਰਮੈਨੀ ਲਈ ਦੌੜ ਵਿੱਚ ਸ਼ਾਮਲ ਹਨ। ਦੂਜੇ ਪਾਸੇ ‘ਆਪ’ ਦੇ ਟਕਸਾਲੀ ਵਰਕਰਾਂ ਨੂੰ ਪਾਰਟੀ ਪ੍ਰਤੀ ਵਫ਼ਦਾਰੀ ਸਦਕਾ ਚੇਅਰਮੈਨੀ ਦੀ ਉਮੀਦ ਹੈ।