ਪੰਜਾਬ ਬਜਟ: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 28 ਮਾਰਚ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਅਨੁਸਾਰ ਅੱਜ ਸਥਾਨਕ ਖਜ਼ਾਨਾ ਦਫ਼ਤਰ ਸਾਹਮਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਮੁਲਜ਼ਮਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਚੌਥੇ ਬਜਟ ਨੇ ਆਪ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰਾ ਚੌਰਾਹੇ ਵਿੱਚ ਨੰਗਾ ਕੀਤਾ ਹੈ। ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਆਪਣੇ ਬਜਟ ਭਾਸ਼ਨ ਦੇ 49 ਨੰਬਰ ਸਫੇ ਤੇ ਮੁਲਾਜ਼ਮਾ ਪ੍ਰਤੀ ਵਰਤੀ ਗਈ ਭਾਸ਼ਾ ਤਾਂ ਪੜਨ ਨੂੰ ਬਹੁਤ ਸੋਹਣੀ ਲੱਗਦੀ ਹੈ ਪਰ ਅੰਦਰੋਂ ਇਹ ਬਜਟ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾ ਲਈ ਖੋਖਲਾ ਸਾਬਿਤ ਹੁੰਦਾ ਹੋਇਆ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਨਹੀਂ ਉਤਰਦਾ। ਯੂਨੀਅਨ ਆਗੂ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਜਤਿੰਦਰ ਕੁਮਾਰ, ਅਸ਼ੋਕ ਕੌਸ਼ਲ ਨੇ ਕਿਹਾ ਕਿ ਹਰ ਗੱਲ ਵਿੱਚ ਰਵਾਇਤੀ ਪਾਰਟੀਆਂ ਨੂੰ ਭੰਡਣ ਵਾਲੀ ਭਗਵੰਤ ਮਾਨ ਸਰਕਾਰ ਮੁਲਾਜ਼ਮ ਵਰਗ ਲਈ ਹੁਣ ਤੱਕ ਦੀ ਸਭ ਤੋਂ ਨਖਿੱਧ ਸਰਕਾਰ ਸਾਬਿਤ ਹੋਈ ਹੈ। ਜਨਵਰੀ 2016 ਤੋਂ ਜੂਨ 2021 ਤੱਕ ਬਣਦੇ ਬਕਾਏ ਨੂੰ ਉਡੀਕਦੇ ਹਜਾਰਾਂ ਪੈਨਸ਼ਨਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਆਗੂਆਂ ਨੇ ਕਿਹਾ ਕਿ ਮਹਿੰਗਾਈ ਭੱਤੇ ਦੀਆਂ 11 ਫੀਸਦੀ ਦੀ ਦਰ ਨਾਲ ਤਿੰਨ ਕਿਸ਼ਤਾਂ ਅਤੇ 250 ਮਹੀਨਿਆਂ ਦਾ ਬਕਾਇਆ ਵੀ ਮਾਨ ਸਰਕਾਰ ਵੱਲ ਖੜ੍ਹਾ ਹੈ ਜਿਸ ਦੀ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਜਿਕਰ ਕਰਨ ਦੀ ਲੋੜ ਵੀ ਨਹੀਂ ਸਮਝੀ ਗਈ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ’ਤੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਜੋ ਸਰਕਾਰ ਵੱਲੋਂ ਬਜ਼ਟ ਪੇਸ਼ ਕੀਤਾ ਗਿਆ ਹੈ, ਉਸ ਵਿੱਚ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦਿੱਤਾ ਗਿਆ ਹੈ। ਫਰੰਟ ਦੇ ਜ਼ਿਲ੍ਹਾ ਕਨਵੀਨਰ ਅਜੈਬ ਸਿੰਘ ਅਲੀਸ਼ੇਰ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮੁਲਾਜ਼ਮਾਂ ਦਾ ਡਿਊ ਡੀਏ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।