ਜਨਤਕ ਜਥੇਬੰਦੀਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ
ਕਣਕ ਦੇ 8000 ਗੱਟੇ ਕਾਵਾਂ ਵਾਲੇ ਪੱਤਣ ’ਤੇ ਪਹੁੰਚਾਏ; ਖੇਤਾਂ ’ਚੋਂ ਰੇਤ ਕੱਢਣ ਲਈ ਡੀਜ਼ਲ ’ਤੇ ਟੈਕਸ ਮੁਆਫ਼ ਕਰਨ ਦੀ ਮੰਗ
ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਵੱਡਾ ਕਾਫ਼ਲਾ ਕਣਕ ਦੇ ਕਰੀਬ 8,000 ਗੱਟੇ ਲੈ ਕੇ ਅੱਜ ਇੱਥੋਂ ਫ਼ਾਜ਼ਿਲਕਾ ਨੇੜੇ ਕਾਵਾਂ ਵਾਲੇ ਪੱਤਣ ਵੱਲ ਰਵਾਨਾ ਹੋਇਆ। ਟਰੈਕਟਰ-ਟਰਾਲੀਆਂ ਰਾਹੀਂ ਇਸ ਖੇਪ ਦੀ ਰਵਾਨਗੀ ਸਮੇਂ ਬੀਕੇਯੂ (ਉਗਰਾਹਾਂ) ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਬਿੰਦੂ, ਬੀਕੇਯੂ (ਉਗਰਾਹਾਂ) ਹਰਿਆਣਾ ਦੇ ਆਗੂ ਨਿਰਭੈ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਜੋਰਾ ਸਿੰਘ ਨਸਰਾਲੀ ਤੇ ਲਛਮਣ ਸਿੰਘ ਸੇਵੇਵਾਲਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਸਵਿੰਦਰ ਸਿੰਘ, ਪਲਸ ਮੰਚ ਦੇ ਜਗਸੀਰ ਜੀਦਾ, ਪੀਐੱਸਯੂ (ਸ਼ਹੀਦ ਰੰਧਾਵਾ) ਦੇ ਆਗੂ ਗੁਰਵਿੰਦਰ ਸਿੰਘ, ਸਾਬਕਾ ਸੈਨਿਕਾਂ ਦੇ ਆਗੂ ਰਘਵੀਰ ਸਿੰਘ ਸੁੱਖਲੱਧੀ ਆਦਿ ਮੌਜੂਦ ਸਨ। ਇਸ ਮੌਕੇ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਬਦ-ਇੰਤਜ਼ਾਮੀ ਕਾਰਨ ਆਏ ਭਿਆਨਕ ਹੜ੍ਹਾਂ ਨੇ ਜਿੱਥੇ 50 ਲੋਕਾਂ ਦੀਆਂ ਕੀਮਤਾਂ ਜਾਨਾਂ ਖੋਹ ਲਈਆਂ, ਉੱਥੇ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵੱਡੀ ਪੱਧਰ ’ਤੇ ਪਸ਼ੂ ਧਨ ਚਲਾ ਗਿਆ ਅਤੇ 4 ਲੱਖ ਏਕੜ ਤੋਂ ਜ਼ਿਆਦਾ ਫ਼ਸਲਾਂ ਤਬਾਹ ਹੋ ਗਈਆਂ। ਉਨ੍ਹਾਂ ਕਿਹਾ ਕਿ ਕਿਰਤੀ ਕਮਾਊ ਲੋਕਾਂ ਵੱਲੋਂ ਜਾਤਾਂ ਧਰਮਾਂ ਤੇ ਇਲਾਕਾਈ ਵੰਡੀਆਂ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡੇ ਪੱਧਰ ’ਤੇ ਮਾਰਿਆ ਗਿਆ ਇਹ ਹੰਭਲਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਆਖਿਆ ਕਿ ਜਨਤਕ ਜਥੇਬੰਦੀਆਂ ਵੱਲੋਂ ਇਕੱਤਰ ਕੀਤੀ ਸਮੱਗਰੀ ਤਹਿਤ ਕਣਕ, ਤੂੜੀ, ਚਾਰਾ ਅਤੇ ਬਿਸਤਰੇ ਆਦਿ ਦੀ ਪੂਰਤੀ ਲਈ ਜ਼ੋਰਦਾਰ ਯਤਨ ਜੁਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਕਿਸ਼ਤ ’ਚ ਅੱਠ ਹਜ਼ਾਰ ਤੋਂ ਵੱਧ ਕਣਕ ਦੇ ਗੱਟੇ ਕਾਵਾਂ ਵਾਲੇ ਪੱਤਣ ਸਮੇਤ ਆਸ ਪਾਸ ਦੇ ਕਰੀਬ 54 ਪਿੰਡਾਂ ਤੇ ਢਾਣੀਆਂ ਦੇ ਲੋੜਵੰਦਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਰੇਤ ਕੱਢਣ ਲਈ ਟਰੈਕਟਰਾਂ ’ਚ ਖ਼ਪਤ ਹੋਣ ਵਾਲੇ ਲੱਖਾਂ ਲੀਟਰ ਡੀਜ਼ਲ ਉਤੇ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਵਸੂਲੇ ਜਾਂਦੇ ਟੈਕਸ ਨੂੰ ਮੁਆਫ ਕੀਤਾ ਜਾਵੇ, ਜੋ ਕਿ ਪ੍ਰਤੀ ਲੀਟਰ 54 ਰੁਪਏ ਦੇ ਕਰੀਬ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗਰੀਬ ਲੋਕਾਂ ਦੇ ਢਹੇ ਘਰਾਂ, ਤਬਾਹ ਹੋਈਆਂ ਫ਼ਸਲਾਂ, ਟੁੱਟੀਆਂ ਕੰਮ ਦੀਆਂ ਦਿਹਾੜੀਆਂ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਅੱਗੇ ਤੋਂ ਹੜ੍ਹਾਂ ਦੀ ਰੋਕਥਾਮ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।