ਕਿਸਾਨਾਂ ’ਤੇ ਜ਼ੁਲਮ ਖ਼ਿਲਾਫ਼ ਪੀਐੱਸਯੂ ਵੱਲੋਂ ਰੋਸ ਰੈਲੀ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਯੂਨੀਵਰਸਿਟੀ ਕਾਲਜ ਘੁੱਦਾ ਵਿੱਚ ਆਦਿ ਵਾਸੀ ਕਿਸਾਨਾਂ ’ਤੇ ਕਥਿਤ ਹੋ ਰਹੇ ਜ਼ੁਲਮ ਖ਼ਿਲਾਫ਼ ਕਾਲਜ ਵਿੱਚ ਰੋਸ ਰੈਲੀ ਕੀਤੀ ਗਈ।
ਵਿਦਿਆਰਥੀ ਆਗੂ ਗੁਰਵਿੰਦਰ ਸਿੰਘ, ਆਕਾਸ਼ਦੀਪ, ਗੁਰਦਾਤ ਸਿੰਘ, ਨਵਜੋਤ ਅਤੇ ਜੋਤੀਕਾ ਨੇ ਕਿਹਾ ਕਿ ਕਾਰਪੋਰੇਟਾਂ ਦੀ ਲੋਕ ਵਿਰੋਧੀ ਸਾਮਰਾਜੀ ਨੀਤੀ ਤਹਿਤ ਜਲ, ਜੰਗਲ, ਜ਼ਮੀਨ ਲੁੱਟਣ ਲਈ ਆਦਿ ਵਾਸੀ ਖੇਤਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸ ਖੇਤਰ ਵਿੱਚ ਕਾਰਪੋਰੇਟਾਂ ਦਾ ਵਿਰੋਧ ਕਰਨ ਵਾਲਿਆਂ ’ਤੇ ਨਕਸਲੀ, ਮਾਓਵਾਦੀ ਵਰਗੇ ਠੱਪੇ ਲਾ ਕੇ ਗ਼ੈਰ ਕਾਨੂੰਨੀ ਅਤੇ ਅਣਮਨੁੱਖੀ ਢੰਗ ਨਾਲ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਖੌਤੀ ਵਿਕਾਸ ਦੇ ਨਾਂਅ ਹੇਠ ਸਾਮਰਾਜੀ ਹਿਤਾਂ ਦੀ ਪੂਰਤੀ ਲਈ ਭਾਰਤ ਸਰਕਾਰ ਆਦਿ ਵਾਸੀ ਕਿਸਾਨਾਂ ਦੇ ਖੂਨ ਦੀ ਹੋਲੀ ਖੇਡਦੀ ਹੋਈ, ਜਲ ਜੰਗਲ ਤੇ ਜ਼ਮੀਨਾਂ ਦਾ ਉਜਾੜਾ ਕਰ ਰਹੀ ਹੈ।
ਉਨ੍ਹਾਂ ਸੱਦਾ ਦਿੱਤਾ ਕਿ ਇਸ ਕਰੂਰ ਕਾਰਵਾਈ ਦਾ ਹਰ ਸੰਘਰਸ਼ਸ਼ੀਲ ਜਨਤਕ ਜਮਹੂਰੀ ਜਥੇਬੰਦੀ ਵੱਲੋਂ ਲੋਕਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਪੁਲੀਸ ਤੇ ਫੌਜ ਦੇ ਜ਼ੋਰ ਨਾਲ ਕੁਚਲਣ ਵਾਲੀ ਇਸ ਧੱਕੜ ਫ਼ਾਸ਼ੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਅੰਨ੍ਹੇ ਜਬਰ ਖ਼ਿਲਾਫ਼ 8 ਅਗਸਤ ਨੂੰ ਮੋਗਾ ਦੀ ਦਾਣਾ ਮੰਡੀ ਵਿੱਚ ਹੋਣ ਜਾ ਰਹੀ ਸੂਬਾਈ ਰੈਲੀ ਵਿੱਚ ਹਰ ਨਿਆਂ ਪਸੰਦ ਵਿਅਕਤੀ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ।