ਪੀ ਐੱਸ ਯੂ ਵੱਲੋਂ ਪੀ ਏ ਯੂ ਅਤੇ ਗਡਵਾਸੂ ਦੇ ਸੰਘਰਸ਼ਾਂ ਦੀ ਹਮਾਇਤ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ’ਚ ਚੱਲ ਰਹੇ ਵਿਦਿਆਰਥੀ ਅੰਦੋਲਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਪੀ ਐੱਸ ਯੂ ਦੇ ਆਗੂ ਹੁਸ਼ਿਆਰ ਸਿੰਘ,...
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ’ਚ ਚੱਲ ਰਹੇ ਵਿਦਿਆਰਥੀ ਅੰਦੋਲਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਪੀ ਐੱਸ ਯੂ ਦੇ ਆਗੂ ਹੁਸ਼ਿਆਰ ਸਿੰਘ, ਗੁਰਵਿੰਦਰ ਬਠਿੰਡਾ ਅਤੇ ਗੁਰਦਾਤ ਸਿੰਘ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਦੇ ਵਿਦਿਆਰਥੀ ਕਰੀਬ ਇਕ ਹਫ਼ਤੇ ਤੋਂ ਪੱਕੇ ਮੋਰਚਿਆਂ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਪੀ ਏ ਯੂ ਲੁਧਿਆਣਾ ਦੇ ਵਿਦਿਆਰਥੀਆਂ ਦੀ ਮੰਗ ਹੈ ਕਿ ਖੇਤੀਬਾੜੀ, ਬਾਗ਼ਬਾਨੀ, ਭੂਮੀ ਤੇ ਜਲ ਸੰਭਾਲ ਵਿਭਾਗ ਅਤੇ ਮੰਡੀ ਬੋਰਡ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ। ਇਸੇ ਤਰ੍ਹਾਂ ਗਡਵਾਸੂ ’ਚ ਬੀ ਵੀ ਐੱਸ ਅਤੇ ਏ ਐੱਚ ਦੇ ਵਿਦਿਆਰਥੀ ਮੰਗ ਕਰ ਰਹੇ ਹਨ ਕਿ ਕੇ ਪੰਜਵੇਂ ਸਾਲ ਮਿਲਦਾ ਭੱਤਾ ਵਧਾ ਕੇ 24,310 ਰੁਪਏ ਕੀਤਾ ਜਾਵੇ ਕਿਉਂ ਕਿ ਦਿਨ-ਰਾਤ ਡਿਊਟੀ ਕਰਕੇ ਵੀ ਸਿਰਫ 15,000 ਰੁਪਏ ਮਹੀਨਾ ਭੱਤਾ ਮਿਲਦਾ ਹੈ, ਜਦ ਕੇ ਬਾਕੀ ਵੈਟਰਨਰੀ ਯੂਨੀਵਰਸਿਟੀਆਂ ਵਿੱਚ ਭੱਤਾ ਇਸ ਤੋਂ ਕਿਤੇ ਜ਼ਿਆਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਣੀਆਂ ਮੰਗਾਂ ਸਬੰਧੀ ਪਿਛਲੇ ਕੁੱਝ ਸਾਲਾਂ ਤੋਂ ਕਈ ਮੰਤਰੀਆਂ, ਵਿਧਾਇਕਾਂ, ਅਫ਼ਸਰਾਂ ਅਤੇ ਗਵਰਨਰਾਂ ਨੂੰ ਮਿਲ ਚੁੱਕੇ ਹਨ, ਪਰ ਮੰਗਾਂ ਦੀ ਪੂਰਤੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੀਐਸਯੂ ਦੋਵਾਂ ਮੋਰਚਿਆਂ ਦੀ ਹਮਾਇਤ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਖੇਤੀਬਾੜੀ ਵਿਭਾਗ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ।