ਪੰਜਾਬ ਵਿੱਚ ਹੜ੍ਹਾਂ ਦੀ ਮਾਰ ਸਿਰਫ਼ ਪਿੰਡਾਂ ਅਤੇ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਰਾਜ ਦੀ ਸਰਕਾਰੀ ਬੱਸ ਸੇਵਾ ਨੂੰ ਵੀ ਇਸ ਦੀ ਲਪੇਟ ਵਿੱਚ ਆ ਗਈ ਹੈ। ਪੰਜਾਬ ’ਚ ਮੀਂਹ ਅਤੇ ਹੜ੍ਹਾਂ ਕਾਰਨ ਜਿਥੇ ਪੀ ਆਰ ਟੀ ਸੀ ਦੀ ਰੋਜ਼ਾਨਾ ਦੀ ਕਮਾਈ ਘਟੀ ਹੈ ਉਥੇ ਅਦਾਰੇ ਦੇ ਪਹਾੜੀ ਰਾਜਾਂ ’ਚ ਚੱਲਦੇ ਬੁਰੀ ਤਰ੍ਹਾਂ ਪ੍ਰਭਵਿਤ ਹੋਏ ਹਨ। ਜਾਣਕਾਰੀ ਅਨੁਸਾਰ ਮਾਲਵਾ ਖੇਤਰ ਦੇ ਬਠਿੰਡਾ, ਬੁਢਲਾਡਾ, ਫ਼ਰੀਦਕੋਟ, ਬਰਨਾਲਾ, ਸੰਗਰੂਰ ਸਮੇਤ ਅੱਧੀ ਦਰਜਨ ਡਿੱਪੂਆਂ ਤੋਂ ਪਹਾੜੀ ਰਾਜਾਂ ਧਰਮਸ਼ਾਲਾ, ਸ਼ਿਮਲਾ, ਜੰਮੂ, ਕੱਟੜਾ, ਬੜੂ ਸਾਹਿਬ ਅਤੇ ਜਵਾਲਾ ਜੀ ਨੂੰ ਚੱਲਣ ਵਾਲਾ ਪੀ ਆਰ ਟੀ ਸੀ ਦੀਆਂ ਬੱਸਾਂ ਫ਼ਿਲਹਾਲ ਬੰਦ ਹਨ। ਇਸ ਸਬੰਧੀ ਪੰਜਾਬ ਰੋਡਵੇਜ਼ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਬਰਾੜ, ਕੁਲਵੰਤ ਸਿੰਘ, ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਲਵੇ ਖੇਤਰ ਦੇ ਬੱਸ ਡਿਪੂਆਂ ਨੂੰ ਪਹਾੜੀ ਬੱਸ ਸੇਵਾ ਬੰਦ ਹੋਣ ਕਾਰਨ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸੂਤਰਾਂ ਅਨੁਸਾਰ ਬਠਿੰਡਾ ਡਿੱਪੂ ਤੋਂ ਬੜੂ ਸਾਹਿਬ ਲਈ ਭੇਜੀ ਗਈ ਇੱਕ ਬੱਸ ਖਰਾਬ ਹੋ ਕੇ ਉਥੇ ਹੀ ਰੁੱਕ ਗਈ। ਬਠਿੰਡਾ ਦੇ ਵਿਸ਼ਵਪ੍ਰੀਤ ਸਿੰਘ ਤੇ ਪਾਲ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਲੋਕ ਹੜ੍ਹ ਕਾਰਨ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ, ਉੱਥੇ ਹੀ ਰਾਹਤ ਸਮੱਗਰੀ ਪਹੁੰਚਾਉਣ ਵਾਲਿਆਂ ਤੋਂ ਨਿੱਜੀ ਟੈਕਸੀਆਂ ਵਾਲੇ ਦੁੱਗਣੇ ਕਿਰਾਏ ਵਸੂਲ ਰਹੇ ਹਨ, ਜਿਸ ਕਾਰਨ ਆਮ ਯਾਤਰੀ ਵੀ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਹੜ੍ਹ ਕਾਰਨ ਸੜਕਾਂ ਟੁੱਟ ਗਈਆਂ ਹਨ।
ਬਠਿੰਡਾ ਡਿੱਪੂ ਦੇ ਜਰਨਲ ਮੈਨੇਜਰ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਹੜ੍ਹਾਂ ਕਾਰਨ ਲ਼ੋਕ ਘਰਾਂ ਵਿੱਚ ਟਿਕੇ ਹੋਣ ਕਾਰਨ ਮਾਲਵੇ ਖੇਤਰ ਨਾਲ ਸਬੰਧਤ ਡਿੱਪੂਆਂ ਦੀ ਅਮਦਨੀ 40 ਫੀਸਦੀ ਘੱਟ ਗਈ ਹੈ। ਉਨ੍ਹਾਂ ਬਠਿੰਡਾ ਡਿੱਪੂ ਤੋਂ ਰੋਜ਼ਾਨਾ ਪਹਾੜੀ ਰਾਜਾਂ ਵੱਲ ਚੱਲਣ ਵਾਲੇ 7 ਤੋਂ 8 ਰੂਟ ਬੰਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਕੱਲੇ ਬਠਿੰਡਾ ਡਿਪੂ ਨੂੰ ਢਾਈ ਤੋਂ ਤਿੰਨ ਲੱਖ ਘਾਟਾ ਪੈ ਰਿਹਾ ਹੈ। ਗੌਰਤਲਬ ਹੈ, ਕਿ ਮਾਲਵਾ ਖੇਤਰ ਇਸ ਵੇਲੇ ਘੱਗਰ ਦੀ ਤਬਾਹੀ ਕਾਰਨ ਜੋਖ਼ਮ ਵਾਲੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ।
ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਹੜ੍ਹ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਵੱਖ ਵੱਖ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਤੇ ਅਧਿਆਪਕ ਛੁੱਟੀਆਂ ਹੋਣ ਘਰਾਂ ਵਿੱਚ ਬੈਠੇ ਹੋਏ ਹਨ। ਅਜਿਹੇ ਵਿੱਚ ਪੀਆਰਟੀਸੀ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਕਿਰਾਏ ਤੋਂ ਹੋਣ ਵਾਲੀ ਕਮਾਈ ਵੀ ਘਟੀ ਹੈ।