ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪ੍ਰਦਰਸ਼ਨ
ਪੀ ਐੱਸ ਯੂ ਨੇ ਬੰਦੀ ਸਿੰਘਾਂ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਮੰਗੀ
ਪੰਜਾਬ ਸਟੂਡੈਂਟਸ ਯੂਨੀਅਨ (ਪੀ ਐੱਸ ਯੂ) ਦੇ ਸੂਬਾਈ ਸੱਦੇ ਤਹਿਤ ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਵਿੱਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀ ਐੱਸ ਯੂ ਦੇ ਸੂਬਾ ਆਗੂ ਹਰਵੀਰ ਗੰਧੜ ਨੇ ਕਿਹਾ ਕਿ ਦੇਸ਼ ਦੀ ਸਿਆਸਤ ਵਿੱਚ ਧਾਰਮਿਕ ਫ਼ਿਰਕਾਪ੍ਰਸਤੀ ਨੂੰ ਵਰਤਣਾ ਮੁੱਢ ਤੋਂ ਹੀ ਕੇਂਦਰ ਵਿੱਚ ਰਿਹਾ ਹੈ। ਭਾਵੇਂ 1947 ਵਿੱਚ ਦੇਸ਼ ਦੀ ਵੰਡ ਦਾ ਸਮਾਂ ਹੋਵੇ, 1984 ਦਾ ਸਿੱਖ ਕਤਲੇਆਮ ਹੋਵੇ ਤੇ ਭਾਵੇਂ 2002 ਦਾ ਗੁਜਰਾਤ ਮੁਸਲਿਮ ਕਤਲੇਆਮ ਹੋਵੇ। ਉਹ ਕਿਹਾ ਕਿ ਪੀੜਤਾਂ ਵੱਲੋਂ ਅਦਾਲਤਾਂ ਦੇ ਦਰਵਾਜ਼ੇ ਖੜਾਉਣ ’ਤੇ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਰਸ਼ਦੀਪ ਫ਼ਰੀਦਕੋਟ ਅਤੇ ਅਭਿਨਵ ਸੋਢੀ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਲ ਹੀ ਬੰਦੀ ਸਿੰਘਾਂ ਅਤੇ ਹੋਰ ਸਿਆਸੀ ਕੈਦੀ ਜਿਨ੍ਹਾਂ ਵਿੱਚ ਲੇਖਕ, ਬੁੱਧੀਜੀਵੀ, ਪੱਤਰਕਾਰ ਹਨ, ਨੂੰ ਵੀ ਰਿਹਾਅ ਕੀਤਾ ਜਾਵੇ। ਇਸ ਮੌਕੇ ਵਿਦਿਆਰਥੀ ਆਗੂਆਂ ਗੁਰਵਿੰਦਰ ਸਿੰਘ, ਧਰਮਿੰਦਰ ਸਿੰਘ, ਅਰਮਾਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

