ਡੀ ਐੱਸ ਪੀ ਵੱਲੋਂ ਮੁਕੱਦਮਾ ਰੱਦ ਕਰਨ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ
ਡੀ ਐੱਸ ਪੀ ਫੂਲ ਵੱਲੋਂ ਨਗਰ ਪੰਚਾਇਤ ਭਾਈ ਰੂਪਾ ਦੇ ਪ੍ਰਧਾਨ ਸਮੇਤ 7 ਹੋਰਾਂ ਖ਼ਿਲਾਫ਼ ਦਰਜ ਕੀਤਾ ਗਿਆ ਮੁਕੱਦਮਾ ਰੱਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਜਥੇਬੰਦੀਆਂ ਨੇ ਅੱਜ ਇਥੇ ਦਿੱਤਾ ਜਾਣ ਵਾਲਾ ਧਰਨਾ ਵਾਪਸ ਲੈ ਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਥਾਨਕ ਗਊਸ਼ਾਲਾ ਦੇ ਪਾਣੀ ਦੇ ਨਿਕਾਸ ਦੇ ਚੱਲ ਰਹੇ ਕੰਮ ਦੌਰਾਨ ਭਾਈ ਰੂਪਾ ਦੇ ਵਸਨੀਕ ਐਡਵੋਕੇਟ ਵਿਕਾਸ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਨਗਰ ਪੰਚਾਇਤ ਦੇ ਪ੍ਰਧਾਨ ਸਮੇਤ ਕੁਝ ਹੋਰਾਂ ਨੇ ਉਸ ਦੇ ਘਰ ਅੱਗੇ ਬਣੇ ਰੈਂਪ ਨੂੰ ਬਿਨਾਂ ਕਿਸੇ ਕਾਨੂੰਨੀ ਨੋਟਿਸ ਦੇ ਢਾਹ ਦਿੱਤਾ ਤੇ ਉਸ ਨਾਲ ਹੱਥੋਪਾਈ ਕੀਤੀ। ਇਸ ’ਤੇ ਥਾਣਾ ਫੂਲ ਦੀ ਪੁਲੀਸ ਨੇ ਕਾਰਵਾਈ ਕਰਦਿਆਂ ਨਗਰ ਪੰਚਾਇਤ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਧਾ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਰਾਜਵਿੰਦਰ ਸ਼ਰਮਾ, ਜਨਕ ਰਾਜ, ਕਸ਼ਮੀਰ ਸਿੰਘ ਤੇ ਠੇਕੇਦਾਰ ਗੁਰਪ੍ਰੀਤ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ। ਇਸ ਦੇ ਰੋਸ ਵਜੋਂ ਜਥੇਬੰਦੀਆਂ ਨੇ ਅੱਜ ਬੱਸ ਅੱਡਾ ਭਾਈ ਰੂਪਾ ਕੋਲ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ ਪਰ ਧਰਨੇ ਤੋਂ ਪਹਿਲਾਂ ਡੀ ਐੱਸ ਪੀ ਪ੍ਰਦੀਪ ਸਿੰਘ ਨੇ ਦਰਜ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ।