ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਬੇਲੋੜੀ ਦੇਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਕਾਰਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐੱਫ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਸਾਂਝਾ ਮੋਰਚਾ ਖੋਲ੍ਹ ਦਿੱਤਾ ਹੈ।
ਕਮੇਟੀ ਦੇ ਸੂਬਾ ਕੋ-ਕਨਵੀਨਰ ਕਰਮਜੀਤ ਸਿੰਘ ਤਾਮਕੋਟ ਨੇ ਦੱਸਿਆ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ’ਤੇ ਦਿੱਤੇ ਪ੍ਰੋਗਰਾਮ ਨੂੰ ਦੋਵੇਂ ਜਥੇਬੰਦੀਆਂ ਮਿਲਕੇ ਲਾਗੂ ਕਰਨਗੀਆਂ, ਜਿਸ ਦੀ ਲੜੀ ਤਹਿਤ ਪਹਿਲੀ ਅਗਸਤ ਨੂੰ ਦੇਸ਼ ਦੇ ਹਰ ਜ਼ਿਲ੍ਹਾ ਹੈਡ ਕੁਆਰਟਰ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐੱਨਪੀਐੱਸ ਅਤੇ ਯੂਪੀਐੱਸ ਦੀ ਵਿਰੋਧਤਾ ਅਤੇ ਨਿੱਜੀਕਰਨ ਦੇ ਵਿਰੁੱਧ ਇੱਕ ਦਿਨਾਂ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਜਿਲਾ ਹੈਡ ਕੁਆਰਟਰ ’ਤੇ ਇੱਕ ਦਿਨਾਂ ਭੁੱਖ ਹੜਤਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੱਖੀ ਜਾਵੇਗੀ। ਇਸ ਮੌਕੇ ਲਖਵਿੰਦਰ ਸਿੰਘ, ਨਿਤਿਨ ਸੋਢੀ, ਬੇਅੰਤ ਰੜ, ਜਸਵਿੰਦਰ ਜੋਗਾ, ਜਤਿੰਦਰ ਪਾਲ ਭੀਖੀ ਅਤੇ ਗੁਰਜੰਟ ਨੰਗਲ, ਜਗਜੀਵਨ ਸਿੰਘ, ਸਿਕੰਦਰ ਸਿੰਘ, ਕਸ਼ਮੀਰ ਸਿੰਘ ਤੇ ਰਾਜੇਸ਼ ਅਲੀਸ਼ੇਰ ਮੌਜੂਦ ਸਨ।