ਹਵਾ ਪ੍ਰਦੂਸ਼ਨ ਤੋਂ ਦੁੱਖੀ ਲੋਕਾਂ ਵੱਲੋਂ ਡੀਸੀ ਦਫਤਰ ਮੂਹਰੇ ਮੁਜ਼ਾਹਰਾ
d ਸਾਹ ਦੇ ਰੋਗੀ ਹਸਪਤਾਲਾਂ ’ਚ ਦਾਖਲ, ਪੀੜਤਾਂ ਵੱਲੋਂ ਭੁੱਖ ਹੜਤਾਲ ਦੀ ਚਿਤਾਵਨੀ
ਸ਼ਹਿਰ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਨ ਤੋਂ ਦੁਖੀ ਲੋਕਾਂ ਵੱਲੋਂ ਹੁਣ ਇੱਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ਦੀ ਅਗਵਾਈ ਕਰਦਿਆਂ ਸ਼ਹਿਰ ਵਾਸੀ ਬਰਜੇਸ਼ ਗੁਪਤਾ, ਬਲਜੀਤ ਸਿੰਘ ਜ਼ਿਲ੍ਹਾ ਚੇਅਰਮੈਨ ਭਗਵਾਨ ਬਾਲਮੀਕ ਸੈਨਾ, ਅਸ਼ੋਕ ਚੁੱਘ, ਗੁਰਪ੍ਰੀਤ ਸਿੰਘ ਮੋਹਲਾਂ, ਸੋਨੂੰ ਫਾਜ਼ਿਲਕਾ, ਇੰਦਰਜੀਤ ਬਾਬਾ ਜੀਵਨ ਸਿੰਘ ਨਗਰ, ਰਵੀ ਕੁਮਾਰ, ਰਾਜੇਸ਼ ਕੁਮਾਰ, ਰਾਮ ਕਿਸ਼ੋਰ ਹੋਰਾਂ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ ਦੇ ਆਸੇ-ਪਾਸੇ ਵੱਡੀ ਗਿਣਤੀ ’ਚ ਅਣ-ਅਧਿਕਾਰਤ ਹੜੰਬੇ ਝੋਨੇ ਦੇ ਕੂੜੇ ਦੀ ਸਫਾਈ ਵਾਸਤੇ ਲੱਗੇ ਹਨ। ਇਹ ਉਹ ਝੋਨਾ ਹੁੰਦਾ ਹੈ ਜਿਹੜਾ ਮੰਡੀ ਵਿੱਚ ਆਏ ਝੋਨੇ ਦੀ ਸਫਾਈ ਤੋਂ ਬਾਅਦ ਇਕੱਠੇ ਹੋਏ ਕੂੜੇ ਵਿੱਚੋਂ ਮੁੜ ਬਚਿਆ ਹੋਇਆ ਝੋਨਾ ਕੱਢਦੇ ਹਨ। ਇਸ ਵਿੱਚੋਂ ਬੇਤਾਸ਼ਾ ਧੂੜ - ਮਿੱਟੀ ਉਡਦੀ ਹੈ। ਇਹ ਧੂੜ ਸ਼ਾਮ ਸਮੇਂ ਠੰਡ ਵਿੱਚ ਜੰਮ ਜਾਂਦੀ ਹੈ।
ਇਸ ਜੰਮੀ ਹੋਈ ਧੂੜ ਵਿੱਚ ਸਾਹ ਲੈਣ ਨਾਲ ਛੋਟੇ ਬੱਚੇ, ਔਰਤਾਂ ਤੇ ਬਜ਼ੁਰਗ ਬੁਰੀ ਤਰ੍ਹਾਂ ਸਾਹ ਦੇ ਰੋਗੀ ਬਣ ਰਹੇ ਹਨ। ਸੰਗੀਤਾ ਗੁਪਤਾ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਹੈ। ਇਕ ਮਹੀਨੇ ਤੋਂ ਡੀਸੀ, ਐਸ ਐਸ ਪੀ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਅਰਜ਼ੀਆਂ ਦੇ ਰਹੇ ਹਨ। ਬੋਰਡ ਦੀ ਟੀਮ ਨੇ ਮੌਕੇ ’ਤੇ ਆ ਕੇ ਵੀ ਦੱਸਿਆ ਕਿ ਇਹ ਹੜੰਬੇ ਬੰਦ ਕਰਾਓ। ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮੱਸਿਆ ਹੱਲ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ ਅਤੇ ਲੋੜ ਪੈਣ ’ਤੇ ਭੁੱਖ ਹੜਤਾਲ ਵੀ ਕਰਨਗੇ। ਇਸ ਦੌਰਾਨ ਏਡੀਸੀ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਜਲਦੀ ਹੀ ਪ੍ਰਦੂਸ਼ਨ ਖਿਲਾਫ ਕਾਰਵਾਈ ਕੀਤੀ ਜਾਵੇਗੀ।

