ਝੋਨੇ ਦੀ ਖਰੀਦ ਬੰਦ ਕਰਨ ਖ਼ਿਲਾਫ਼ ਡੀ ਸੀ ਦਫ਼ਤਰ ਅੱਗੇ ਧਰਨਾ
ਖਰੀਦ ਮੁਡ਼ ਸ਼ੁਰੂ ਕਰਨ ਦੀ ਮੰਗ; ਡੀ ਐੱਸ ਪੀ ਦੇ ਭਰੋਸਾ ’ਤੇ ਕਿਸਾਨਾਂ ਨੇ ਧਰਨਾ ਚੁੱਕਿਆ
ਮਾਲਵਾ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਬੰਦ ਕੀਤੀ ਖਰੀਦ ਸ਼ੁਰੂ ਕਰਵਾਉਣ ਲਈ ਅੱਜ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਹੱਲਾ ਬੋਲ ਦਿੱਤਾ। ਅਚਨਚੇਤ ਬੰਦ ਕੀਤੀ ਖਰੀਦ ਤੋਂ ਖ਼ਫ਼ਾ ਕਿਸਾਨ ਸੈਕਟਰੀਏਟ ਤੱਕ ਵੜ ਗਏ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਡੀ ਐੱਸ ਪੀ ਬੂਟਾ ਸਿੰਘ ਗਿੱਲ, ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਮਨਜੀਤ ਸਿੰਘ ਅਤੇ ਐੱਸ ਡੀ ਐੱਮ ਕਾਲਾ ਰਾਮ ਕਾਂਸਲ ਨੂੰ ਲੈ ਕੇ ਕਿਸਾਨਾਂ ਕੋਲ ਪੁੱਜੇ ਅਤੇ ਮੀਟਿੰਗ ਤੋਂ ਬਾਅਦ ਮੰਡੀਆਂ ’ਚ ਆਇਆ ਸਾਰਾ ਝੋਨਾ ਤੇ ਕਿਸਾਨਾਂ ਦੇ ਘਰਾਂ ’ਚ ਸਟੋਰ ਕਰਕੇ ਰੱਖਿਆ ਝੋਨਾ ਖਰੀਦਣ ਦਾ ਬਕਾਇਦਾ ਮੰਚ ਤੋਂ ਭਰੋਸਾ ਦਿੱਤਾ ਗਿਆ। ਕਿਸਾਨਾਂ ਦੇ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਇਕਾਈ ਨੇ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸੀਜ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਫ਼ਸਰਸ਼ਾਹੀ ਨੇ ਪਾਣੀ ਬਚਾਉਣ ਲਈ ਕਿਸਾਨ ਪਛੇਤਾ ਲਾਉਣ ਦੀ ਅਪੀਲ ਕੀਤੀ ਸੀ ਪਰ ਜਿਹੜੇ ਕਿਸਾਨਾਂ ਨੇ ਸਰਕਾਰ ਦੀ ਇਹ ਗੱਲ ਮੰਨਕੇ ਆਪਣੇ ਖੇਤਾਂ ਵਿੱਚ ਪਛੇਤਾ ਝੋਨਾ ਲਾਇਆ ਹੁਣ ਉਹੀ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪਈ ਫਸਲ ਦੀ ਲੁੱਟ ਕਰਵਾਉਣ ਲਈ ਸਰਕਾਰੀ ਬੋਲੀ ਬੰਦ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੱਲਦੇ ਧਰਨੇ ਦੌਰਾਨ ਜਦੋਂ ਕਿਸੇ ਅਧਿਕਾਰੀ ਨੇ ਕਿਸਾਨਾਂ ਦੀ ਇਸ ਮੰਗ ਨੂੰ ਅਣਗੌਲਿਆਂ ਕੀਤਾ ਤਾਂ ਜਥੇਬੰਦੀ ਨੇ ਰੇਲ ਲਾਈਨ ’ਤੇ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਜਿਸ ’ਤੇ ਪ੍ਰਸ਼ਾਸਨ ਫੌਰੀ ਹਰਕਤ ਵਿੱਚ ਆ ਗਿਆ। ਇਸ ’ਤੇ ਉਕਤ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾ ਕੇ ਅੱਜ ਹੀ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਵਾਉਣ ਦੀ ਗੱਲ ਮੰਨ ਲਈ। ਡੀ ਐੱਸ ਐੱਫ ਸੀ ਮਨਜੀਤ ਸਿੰਘ ਨੇ ਕਿਸਾਨਾਂ ਦੇ ਇਕੱਠ ਵਿੱਚ ਇਸ ਦਾ ਐਲਾਨ ਕੀਤਾ, ਜਿਸ ’ਤੇ ਕਿਸਾਨਾਂ ਨੇ ਰੇਲ ਰੋਕਣ ਵਾਲਾ ਫੈਸਲਾ ਰੱਦ ਕਰਕੇ ਸੈਕਟਰੀਏਟ ਅੱਗੇ ਲਾਇਆ ਧਰਨਾ ਵੀ ਸਮਾਪਤ ਕਰ ਦਿੱਤਾ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਰਹਿੰਦੇ ਝੋਨੇ ਦੀ ਖਰੀਦ ਵਿੱਚ ਕੋਈ ਦਿੱਕਤ ਖੜ੍ਹੀ ਕੀਤੀ ਤਾਂ ਕਿਸਾਨ ਮੁੜ ਤਿੱਖੇ ਸੰਘਰਸ਼ ਵਿੱਚ ਕੁੱਦਣਗੇ।

