ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ ਪੀ ਐੱਫ ਕਰਮਚਾਰੀ ਯੂਨੀਅਨ ਮਾਨਸਾ ਵੱਲੋਂ ਵੱਖ-ਵੱਖ ਸਕੂਲਾਂ ਅਤੇ ਦਫ਼ਤਰਾਂ ਵਿੱਚ ਪੁਰਾਣੀ ਪੈਨਸ਼ਨ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਕਰਮਜੀਤ ਤਾਮਕੋਟ, ਦਰਸ਼ਨ ਸਿੰਘ ਅਲੀਸ਼ੇਰ ਅਤੇ ਲਖਵਿੰਦਰ ਮਾਨ ਨੇ ਦੱਸਿਆ ਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਅਧੂਰਾ ਨੋਟੀਫਿਕੇਸ਼ਨ ਮੁੱਖ ਮੰਤਰੀ ਪੰਜਾਬ ਨੇ ਲਾਈਵ ਹੋ ਕੇ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਹਨ, ਜਿਸ ਦੀ ਐੱਸ ਓ ਪੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਤਮਜ਼ਰੀਫੀ ਇਹ ਹੈ ਕਿ ਤਿੰਨ ਸਾਲ ਬੀਤਣ ਦੇ ਬਾਅਦ ਵੀ ਪੁਰਾਣੀ ਪੈਨਸ਼ਨ ਦੀ ਐੱਸ ਓ ਪੀ ਜਾਰੀ ਨਹੀਂ ਕੀਤੀ ਗਈ, ਜੋ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕਰੇ ਅਤੇ ਐੱਨ ਪੀ ਐੱਸ ਦੇ ਖਾਤੇ ਬੰਦ ਕਰ ਕੇ ਜੀ ਪੀ ਐੱਫ ਦੇ ਖਾਤੇ ਤੁਰੰਤ ਖੋਲ੍ਹੇ। ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮਾਂ ਨੂੰ 25 ਨਵੰਬਰ ਦੀ ਦਿੱਲੀ ਵਿੱਚ ਹੋਣ ਜਾ ਰਹੀ ਇਤਿਹਾਸਕ ਮਹਾਰੈਲੀ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਤੋਂ ਐੱਨ ਪੀ ਐੱਸ ਕਰਮਚਾਰੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ, ਬੇਅੰਤ ਸਿੰਘ, ਜਸਵਿੰਦਰ ਸਿੰਘ, ਗੁਰਜੰਟ ਸਿੰਘ, ਜਨਕ ਸਿੰਘ, ਜਤਿੰਦਰਪਾਲ, ਰਾਜਵਿੰਦਰ ਸਿੰਘ, ਹੀਰਾ ਲਾਲ, ਜਗਤਾਰ ਸਿੰਘ, ਏਕਮ ਸਿੰਘ, ਸਰਬਜੀਤ ਕੌਰ, ਕਿਰਨਜੀਤ ਕੌਰ, ਬੇਅੰਤ ਕੌਰ, ਅਮਰਪਾਲ ਕੌਰ, ਦਿਸ਼ਾ ਤੇ ਰੀਨਾ ਰਾਣੀ ਵੀ ਮੌਜੂਦ ਸਨ।
ਸੂਬਾ ਸਰਕਾਰ ’ਤੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਇਆ
ਲੰਬੀ (ਪੱਤਰ ਪ੍ਰੇਰਕ): ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ’ਤੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਅੱਜ ਕਾਲਾ ਦਿਵਸ ਮਨਾ ਕੇ ‘ਆਪ’ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾਏ ਅਤੇ ਸਾਲ 2022 ਵਿੱਚ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦਿਆਂ ਸਰਕਾਰ ’ਤੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਇਆ। ਡੈਮੋਕਰੈਟਿਕ ਟੀਚਰਜ਼ ਫਰੰਟ ਬਲਾਕ ਲੰਬੀ ਦੇ ਪ੍ਰਧਾਨ ਗੁਰਪ੍ਰੀਤ ਲੰਬੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ ਢਿੱਲੋਂ, ਤਰਸੇਮ ਸਿੰਘ ਘੁਮਿਆਰਾ ਅਤੇ ਕੁਲਦੀਪ ਸ਼ਰਮਾ (ਖੁੱਡੀਆਂ) ਨੇ ਕਿਹਾ ਕਿ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕੀਤਾ ਸੀ, ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਕੋਈ ਅਮਲ ਨਹੀਂ ਹੋਇਆ। ਆਗੂਆਂ ਨੇ ਕਿਹਾ ਕਿ ਮੁਲਾਜ਼ਮ ਪੈਨਸ਼ਨ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣਗੇ।

