ਪੱਤਰ ਪ੍ਰੇਰਕਨਿਹਾਲ ਸਿੰਘ ਵਾਲਾ, 19 ਮਈਸ਼ਨਿਚਰਵਾਰ ਰਾਤ ਵਾਪਰੇ ਇੱਕ ਸੜਕ ਹਾਦਸੇ ਵਿੱਚ ਕਬੱਡੀ ਖਿਡਾਰੀ ਦੀ ਮੌਤ ਅਤੇ ਇੱਕ ਵਿਅਕਤੀ ਦੇ ਜ਼ਖਮੀ ਹੋਣ ’ਤੇ ਰੋਹ ਵਿੱਚ ਆਏ ਲੋਕਾਂ ਵੱਲੋਂ ਸਖ਼ਤ ਕਾਰਵਾਈ ਲਈ ਸੜਕ ਠੇਕੇਦਾਰ ਵਿਰੁੱਧ ਚੱਲ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਮਾਰਗ ਸਥਿਤ ਪਿੰਡ ਖੋਟੇ ਵਿੱਚ ਨਿਰਮਾਣ ਅਧੀਨ ਕੌਮੀ ਸੜਕ ’ਤੇ ਰਿਫਲੈਕਟਰ, ਚਿਤਾਵਨੀ ਆਦਿ ਦਾ ਬੋਰਡ ਨਾ ਲੱਗੇ ਹੋਣ ਕਾਰਨ ਉੱਚੀ ਪੁਲੀ ਨਾਲ ਕਾਰ ਟਕਰਾਉਣ ਕਰਕੇ ਪਿੰਡ ਰੌਂਤਾ ਦੇ ਕਬੱਡੀ ਖਿਡਾਰੀ ਸੁਰਜੀਤ ਸਿੰਘ (37) ਦੀ ਮੌਤ ਹੋ ਗਈ ਸੀ ਅਤੇ ਉਸਦਾ ਸਾਥੀ ਸੁਰਜੀਤ ਸੀਤੀ ਗੰਭੀਰ ਜ਼ਖਮੀ ਗਿਆ ਸੀ। ਲੋਕਾਂ ਵੱਲੋਂ ਕੱਲ੍ਹ ਘਟਨਾ ਸਥਾਨ ’ਤੇ ਧਰਨਾ ਲਾਇਆ ਗਿਆ ਸੀ ਤੇ ਗ੍ਰਾਮ ਪੰਚਾਇਤ, ਕਿਸਾਨ ਯੂਨੀਅਨਾਂ ਤੇ ਪਿੰਡ ਵਾਸੀਆਂ ਵੱਲੋਂ ਸਖ਼ਤ ਕਾਰਵਾਈ ਲਈ ਕਰੱਸ਼ਰ ਪਲਾਂਟ ਅੱਗੇ ਧਰਨਾ ਦਿੱਤਾ ਗਿਆ।