ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਧਰਨਾ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਤਹਿਤ ਹੁੰਦੇ ਕੰਮ ਬੰਦ ਕਰਨ ਅਤੇ ਮਜ਼ਦੂਰੀ ਨਾ ਦੇਣ ਖ਼ਿਲਾਫ਼ ਅੱਜ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ‘ਮਨਰੇਗਾ ਰੁਜ਼ਗਾਰ ਬਚਾਓ’ ਤਹਿਤ ਧਰਨਾ ਦਿੱਤਾ ਗਿਆ। ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਕਰੋੜਾਂ ਬੇਜ਼ਮੀਨੇ ਮਜ਼ਦੂਰਾਂ ਨੂੰ ਸਾਲ ’ਚ 100 ਦਿਨ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਮਨਰੇਗਾ ਕਾਨੂੰਨ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਜਨਵਰੀ,ਫਰਵਰੀ ਵਿੱਚ ਕੀਤੇ ਕੰਮਾਂ ਦੀ ਮਨਰੇਗਾ ਮਜ਼ਦੂਰਾਂ ਨੂੰ ਅਜੇ ਤੱਕ ਮਜ਼ਦੂਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਵੀਆਂ ਹਦਾਇਤਾਂ ਤਹਿਤ ਮਨਰੇਗਾ ਤਹਿਤ ਹੋਣ ਵਾਲੇ ਕੰਮ ਹੁਣ ਪੰਜ ਸਾਲਾਂ ’ਚ ਇੱਕ ਵਾਰ ਹੀ ਹੋਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਮਨਰੇਗਾ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਨ ਵਾਲੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਜ਼ਿਲ੍ਹੇ ਦੇ 240 ਪਿੰਡਾਂ ਅੰਦਰ ਲਾਮਬੰਦੀ ਕਰ ਕੇ 22 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਗੁਲਾਬ ਸਿੰਘ ਖੀਵਾ, ਬੱਲਮ ਢੈਪਈ, ਸੁਖਵਿੰਦਰ ਸਿੰਘ ਬੋਹਾ,ਸੁਖਬੀਰ ਸਿੰਘ ਖ਼ਾਰਾਂ ਆਦਿ ਨੇ ਵੀ ਸੰਬੋਧਨ ਕੀਤਾ।