ਪਿਤਰੀ ਜ਼ਿਲ੍ਹੇ ਤੋਂ ਦੂਰ ਸਟੇਸ਼ਨ ਦੇਣ ਕਾਰਨ ਈਟੀਟੀ ਅਧਿਆਪਕਾਂ ’ਚ ਰੋਸ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੂਨ
ਪੰਜਾਬ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਨੂੰ ਸਰਹੱਦੀ ਇਲਾਕਿਆਂ ਵਿੱਚ ਨੌਕਰੀ ਦੇਣ ਦਾ ਮਾਮਲਾ ਭਖਣ ਲੱਗਿਆ ਹੈ। ਇਸ ਮਾਮਲੇ ਨੂੰ ਲੈ ਕੇ ਭਾਵੇਂ ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਸਰਕਾਰ ਵੱਲੋਂ ਦੂਰ ਨੌਕਰੀ ਦੇਣ ਸਬੰਧੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਸਿਆਸੀ ਪਾਰਟੀਆਂ ਵੱਲੋਂ ਬੇਰੁਜ਼ਗਾਰ ਵਿਰੋਧੀ ਦੱਸਿਆ ਜਾਣ ਲੱਗਿਆ ਹੈ।
ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਨਵੇਂ ਨਿਯੁਕਤ ਕੀਤੇ ਅਧਿਆਪਕਾਂ ਦੀ ਤਨਖਾਹ ਵੀ ਨਾ-ਮਾਤਰ ਹੈ ਅਤੇ ਇਹ ਸਾਰਾ ਕੁੱਝ ਉਨ੍ਹਾਂ ਦੇ ਰਹਿਣ-ਸਹਿਣ ’ਤੇ ਹੀ ਖਰਚ ਹੋ ਜਾਂਦਾ ਹੈ, ਜਦੋਂ ਕਿ ਕੁੜੀਆਂ ਨੂੰ ਮਜਬੂਰੀ ਬੱਸ ਘਰਾਂ ਤੋਂ ਦੂਰ ਰਹਿਣਾ ਬੇਹੱਦ ਔਖਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁਝ ਲੜਕੇ-ਲੜਕੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਰਹਿਣ-ਸਹਿਣ ਵਾਲਾ ਕੋਈ ਟਿਕਾਣਾ ਨਹੀਂ ਹੈ ਅਤੇ ਉਹ ਬੜੀ ਮੁਸ਼ਕਲ ਨਾਲ ਰਾਤ ਗੁਜ਼ਾਰਦੇ ਹਨ। ਰਾਤਾਂ ਨੂੰ ਰਹਿਣਾ ਅਤੇ ਦੂਰ-ਦੁਰਾਡੇ ਆਉਣ-ਜਾਣ ਲਈ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੜਕੀਆਂ ਨੂੰ ਨੌਕਰੀ ਦੇ ਤਾਂ ਦਿੰਦੀ ਹੈ, ਪਰ ਉਨ੍ਹਾਂ ਨੂੰ ਘਰਾਂ ਤੋਂ ਕੋਹਾਂ ਦੂਰ ਨੌਕਰੀਆਂ ਦੇ ਨਾਮ ’ਤੇ ਮਜ਼ਾਕ ਕਰਕੇ ਨੌਜਵਾਨ ਮੁੰਡੇ-ਕੁੜੀਆਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਨੌਕਰੀਆਂ ਦੇਣ ਤੋਂ ਪਹਿਲਾਂ ਅਧਿਆਪਕਾਂ ਤੋਂ ਉਨ੍ਹਾਂ ਦੀ ਪਸੰਦ ਦੇ ਮੁਤਾਬਕ ਸਟੇਸ਼ਨ ਫਾਰਮਾਂ ਵਿੱਚ ਭਰਵਾਏ ਸਨ, ਪਰ ਇਸ ਵਿੱਚ ਕੀਤੀ ਸਰਕਾਰ ਨੇ ਆਪਣੀ ਹੀ ਮਰਜ਼ੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਵ-ਨਿਯੁਕਤ ਅਧਿਆਪਕ ਮੁੰਡੇ-ਕੁੜੀ ਨੂੰ ਨੌਕਰੀ ਦੇਣ ਤੋਂ ਪਹਿਲਾਂ ਭਰਵਾਏ ਗਏ ਫਾਰਮ ਵਿੱਚ ਉਨ੍ਹਾਂ ਦੀ ਪਸੰਦ ਮੁਤਾਬਕ ਸਟੇਸ਼ਨਾਂ ਵਿੱਚੋਂ ਇੱਕ ਸਟੇਸ਼ਨ ਵੀ ਉਨ੍ਹਾਂ ਦੀ ਪਸੰਦ ਦਾ ਨਹੀਂ ਦਿੱਤਾ ਗਿਆ।
ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੜਕੇ-ਲੜਕੀਆਂ ਨੂੰ ਸਮੱਸਿਆ ਹੈ, ਉਨ੍ਹਾਂ ਨੂੰ ਨੇੜੇ-ਤੇੜੇ ਦੇ ਸਟੇਸ਼ਨ ਦਿੱਤੇ ਜਾਣ ਤਾਂ ਜੋ ਉਹ ਆਪਣੇ ਘਰ ਆ-ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਣ ’ਤੇ ਇਹ ਨੀਤੀ ਨਹੀਂ ਅਪਣਾਈ ਜਾਵੇਗੀ ਅਤੇ ਮੁੰਡੇ-ਕੁੜੀਆਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਹੀ ਨੌਕਰੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।