ਬਲਾਕ ਭਗਤਾ ਨੂੰ ਖਤਮ ਕਰਨ ਦੇ ਫ਼ੈਸਲੇ ਖ਼ਿਲਾਫ਼ ਧਰਨਾ
ਪੰਜਾਬ ਸਰਕਾਰ ਵੱਲੋਂ ਬਲਾਕ ਭਗਤਾ ਭਾਈ ਨੂੰ ਖਤਮ ਕਰਨ ਦੇ ਫ਼ੈਸਲੇ ਖ਼ਿਲਾਫ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਹੈ। ਇਸੇ ਸਬੰਧ ’ਚ ਅੱਜ ਬਲਾਕ ਭਗਤਾ ਨੂੰ ਮੁੜ ਬਹਾਲ ਕਰਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਬੀਡੀਪੀਓ ਦਫ਼ਤਰ ਅੱਗੇ ਕਿਸਾਨ ਯੂਨੀਅਨਾਂ ਸਣੇ ਹੋਰ ਜਨਤਕ ਜਥੇਬੰਦੀਆਂ ਨੇ ਸਾਂਝਾ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਬਠਿੰਡਾ ਖਜ਼ਾਨਚੀ ਕਰਮਜੀਤ ਜੇਈ ਭਗਤਾ, ਜ਼ਿਲ੍ਹਾ ਜਨਰਲ ਸਕੱਤਰ ਕਿੰਦਾ ਜੰਡਾਂਵਾਲਾ, ਮਿਸਲ ਸਤਲੁਜ ਦੇ ਨੌਜਵਾਨ ਆਗੂ ਗਗਨ ਸਿੰਘ ਸਿੱਧੂ ਭਗਤਾ ਅਤੇ ਰਿਤੇਸ਼ ਰਿੰਕੂ ਭਗਤਾ ਨੇ ਕਿਹਾ ਕਿ ਬਲਾਕ ਭਗਤਾ ਨੂੰ ਖਤਮ ਕਰਨਾ ਪੰਜਾਬ ਸਰਕਾਰ ਦਾ ਨਾਦਰਸ਼ਾਹੀ ਫ਼ਰਮਾਨ ਹੈ, ਜਿਸ ਨੂੰ ਵਾਪਸ ਕਰਾਉਣ ਲਈ ਸਮੂਹ ਇਲਾਕਾ ਵਾਸੀਆਂ ਨੂੰ ਇਕਜੁੱਟ ਹੋ ਕੇ ਤਿੱਖੀ ਅਤੇ ਸਾਂਝੀ ਲੜਾਈ ਲੜਨ ਦੀ ਲੋੜ ਹੈ। ਧਰਨੇ ਦੀ ਸਮਾਪਤੀ ਉਪਰੰਤ ਭਗਤਾ ਬਲਾਕ ਨੂੰ ਮੁੜ ਬਹਾਲ ਕਰਾਉਣ ਲਈ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਰਾਜੀਵ ਕੁਮਾਰ ਰਾਹੀਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਮ ਭੇਜਿਆ ਗਿਆ। ਇਸ ਮੌਕੇ ਬੀ.ਕੇ.ਯੂ. ਖੋਸਾ ਦੇ ਪ੍ਰਧਾਨ ਜੀਤ ਸਿੰਘ ਖੂਹ ਵਾਲੇ, ਗੁਰਵਿੰਦਰ ਸਿੰਘ, ਸੁਖਚੈਨ ਸਿੰਘ ਭਗਤਾ, ਜਗਤਾਰ ਖ਼ਾਨੇਕਾ, ਗੁਰਚਰਨ ਸਿੰਘ ਖ਼ਾਲਸਾ, ਡਾ. ਭੁਪਿੰਦਰ ਗੁਰੂਸਰ, ਗੋਰਾ ਹਾਕਮਵਾਲਾ, ਹਰਬੰਸ ਕੋਠਾ ਗੁਰੂ, ਬੂਟਾ ਬਾਜਵਾ, ਬਾਬਾ ਦਵਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਭੋਡੀਪੁਰਾ ਤੇ ਬਲਰਾਜ ਸਿੰਘ ਕਿੰਗਰਾ ਹਾਜ਼ਰ ਸਨ।